ਏਧਰੋਂ ਸੁਣੀਆਂ ਬਾਤਾਂ
ਓਧਰ ਨਹੀਂ ਪਾਈਦੀਆਂ
ਇਸ਼ਕ ਦੀਆਂ ਲਾਸਾਂ
ਆਪਣੇ ਹੀ ਤਨ ਹੰਢਾਈਏ
ਮੱਥਿਆਂ ਤੇ ਨਹੀਂ ਖੁਣਵਾਈਆਂ ਦੀਆਂ
ਤਾਰਿਆਂ ਨੂੰ ਸੱਦ ਸੁਣਾਈ ਦੀਆਂ
ਦੁਨੀਆਂ ਤੇ ਇਸ਼ਕ ਤਾਂ ਹੋਣ
ਤੇਰੇ ਲਾਰਿਆਂ ਜਿੰਨੇ ਹੋਣ
ਚੰਨ ਹੋਣ
ਪਰ ਸਿਤਾਰਿਆਂ ਜਿੰਨੇ ਹੋਣ
ਤੇਰੀ ਮੁਹੱਬਤ ਤਾਂ ਹੋਵੇ
ਪਰ ਸਾਹਾਂ ਵਰਗੀ ਹੋਵੇ
ਉਡੀਕ ਤਾਂ ਹੋਵੇ
ਤੇਰੇ ਰਾਹਾਂ ਵਰਗੀ ਹੋਵੇ
ਰਾਤਾਂ ਤਾਂ ਹੋਣ
ਪਰ ਪੈੜਾਂ ਦਿਸਣ ਤੇਰੀਆਂ
ਟਿਮਟਿਮਾਉਂਦੇ ਜਗਦੇ ਅੰਬਰ ਤਾਂ ਹੋਣ
ਕਰਨ ਗੱਲਾਂ ਤੇਰੀਆਂ ਤੇ ਮੇਰੀਆਂ
ਗਾਥਾ ਸੁਣ ਸਾਡੀ
ਅੱਥਰੂ ਆਏ ਬੱਦਲਾਂ ਦੇ ਅੱਖੀਂ
ਰਿਸ਼ਮਾਂ ਖਿਲਰੀਆਂ ਸੂਰਜ ਦੀਆਂ
ਧਰਤ ਨੇ ਬੋਝੇ ਪਾਈਆਂ
ਇਸ ਉਮਰੇ ਸੁਪਨੇ ਨਾ ਉਣੀਏ
ਟੁੱਟਦਾ ਦੇਖੀਏ ਨਾ ਤਾਰਾ
ਇਸ ਪਹਿਰ ਹਿੱਕੀਂ ਅੱਗ ਤੁਰਦੀ
ਆਲਮ ਸੜ ਜਾਏ ਸਾਰਾ
ਜਿੰਦਾਂ ਰੁਲ ਜਾਣ
ਮਿੱਟੀਆਂ ਖੁਰ ਜਾਣ
ਜ਼ਹਿਰਾਂ ਤੁਰੀ ਮੁਹੱਬਤ ਪੀ ਜਾਣ
ਡੁੱਬ ਕੇ ਸਾਗ਼ਰ ਖਾਰਾ
ਇਸ ਰੁੱਤੇ ਬੈਠ ਰਿਸ਼ਮਾਂ ਗੁੰਦੀਏ
ਤਾਰੇ ਅੱਖੀਂ ਪਾ ਕੇ
ਇਸ ਵੇਲੇ ਅੰਗੀਂ ਅੱਗ ਸਜਾਈਏ
ਚਿਣਗ ਹੰਝੂਆਂ ਦੀ ਲਾ ਕੇ
ਇਸ ਵੇਲੇ ਹੀ ਕੋਈ ਚੰਨ ਬਣ ਲੰਘਦਾ
ਰੁੱਖਾਂ 'ਚੋਂ ਅੱਖ ਚੁਰਾ ਕੇ