ਮੰਨਦਾ ਹਾਂ,
ਠੀਕ ਹੈ ਇਹ ਸ਼ੱਕ ਨ ਕੋਈ
ਮੇਰੇ ਵਰਗੇ ਬੰਦਿਆਂ ਨੂੰ ਈਰਖਾ ਦਾ ਹੱਕ ਨ ਕੋਈ।
ਕੀ ਕਰਾਂ ਪਰ, ਮਨ ਹੈ ਮੂਰਖ,
ਸੋਚਦਾ ਨਹੀਂ ਸਮਝਦਾ ਨਹੀਂ
ਮੈਂ ਹੀ ਇਸ ਦੇ ਮਗਰ ਲੱਗਾਂ।
ਕੂੜ ਛੱਟਾਂ ਪਾਪ ਖੱਟਾਂ,
ਖੇਹ ਉੜਾਵਾਂ ਸਿਰ ’ਚ ਪਾਵਾਂ,
ਦੂਜੇ ਪਲ ਹੀ ਭੁੱਲ ਜਾਵਾਂ।
ਕਾਮ ਬੁਰਕੀ ਵੇਖਦਾ ਹੀ,
ਇੱਲ ਵਾਂਗੂੰ ਝਪਟ ਪੈਨਾਂ,
ਚੰਗੀ ਮਾੜੀ ਜਾਚਦਾ ਨਹੀਂ
ਦਾਅ ਜੇ ਲੱਗੇ
ਸੰਨ੍ਹ ਲਾਵਾਂ ਧਾੜ ਮਾਰਾਂ
ਰਾਤ ਕਾਲੀ ਵਿਚੋਂ ਕਾਲਖ ਖੱਟਦਾ ਹਾਂ।
ਪਰ ਸਵੇਰੇ ਫਿਰ ਸੁਰਖ਼ਰੂ ਜਾਗ ਆਵੇ।
ਛੱਡ ਦੇਵਾਂ ਵੈਲਦਾਰੀ,
ਆਦਮੀ ਕੀ ਦੇਵ ਬਣ ਜਾਂ
ਜਾਣਦਾ ਹਾਂ ਉਸਨੇ ਮੇਰੀ
ਗੱਲ ਕੋਈ ਗੌਲਣੀ ਨਹੀਂ।
ਹਾੜੇ ਕੱਢਾਂ ਤਰਲੇ ਪਾਵਾਂ
ਤਰਸਦਾ ਦਮ ਤੋੜ ਦੇਵਾਂ
ਉਸ ਨੇ ਤਾਂ ਨਹੀਂ ਤਰਸ ਖਾਣਾ
ਜਗ ਦੀ ਖੇਹ ਛਾਣ ਸੁੱਟਾਂ
ਉਸ ਦੇ ਦਿਲ ਦੀ ਕੁੰਜੀ ਮੈਨੂੰ ਲੱਭਣੀ ਨਹੀਂ।
ਪੱਥਰਾਂ ਨੂੰ ਚੀਰ
ਭਾਵੇਂ ਪਰਬਤਾਂ ਚੋਂ ਨਹਿਰ ਕਢਾਂ
ਉਸ ਦਾ ਦਿਲ ਨਹੀਂ ਮੋਮ ਹੋਣਾ।
ਜਾਣਦਾ ਹਾਂ ਇਹ ਵੀ, ਹਾਲੇ
ਉਸ ਦੇ ਕੱਚੇ ਸੁਪਨਿਆਂ ਵਿਚ
ਮੈਂ ਨਹੀਂ ਤਾਂ ਹੋਰ ਵੀ ਕੋਈ ਵੱਸਿਆ ਨਹੀਂ
ਉਸਦੇ ਦਿਲ ਨੂੰ
ਮੈਂ ਨਹੀਂ ਤਾਂ ਹੋਰ ਵੀ ਕੋਈ ਜੱਚਿਆ ਨਹੀਂ
ਅਜੇ ਉਸ ਦਾ ਆਕਾਸ਼ ਨਿੰਬਲ,
ਪ੍ਰੀਤ ਗ਼ਮ ਦਾ ਕੋਈ ਬੱਦਲ ਬਹੁੜਿਆ ਨਹੀਂ।
ਅਜੇ ਮੋਹ ਦੇ ਝੇੜਿਆ ਤੋਂ
ਬੱਚੀ ਤੇ ਬੇਲਾਗ ਹੈ ਉਹ।
ਫੇਰ ਵੀ ਪਰ
ਸਹਿ ਸੁਭਾ ਜੇ ਕੋਈ ਉਸ ਦੀ ਸਿਫਤ ਕਰਦਾ
ਨਾਲ ਉਸ ਦੇ ਗੱਲ ਕਰਦਾ,
ਉਸਦੇ ਮੂੰਹੋਂ
ਜਾਂ ਕਿਸੇ ਨੂੰ ਚੰਗਾ ਸੁਣਦਾ
ਹਿੱਕ ਦੇ ਵਿਚ ਰੜਕਦਾ ਹੈ
ਕਾਲਜੇ ਵਿਚ ਖਾਰ ਪਾਵੇ।
ਮਨ ਹੈ ਮੂਰਖ
ਸੋਚਦਾ ਨਹੀਂ ਸਮਝਦਾ ਨਹੀਂ,
ਐਵੇਂ ਵਾਧੂ ਜ਼ਿੰਦਗਾਨੀ ਨੂੰ ਤਸੀਹੇ ਦੇ ਰਿਹਾ ਹੈ।