ਇਹ ਗ਼ਮ ਜ਼ਿੰਦਗੀ ਦੇ

ਇਹ ਗ਼ਮ ਜ਼ਿੰਦਗੀ ਦੇ ਪਿਆਰੇ ਬੜੇ ਨੇ, 

ਜੁੜੇ ਮੇਰੇ ਘਰ ਟੁਟ ਕੇ ਤਾਰੇ ਬੜੇ ਨੇ। 

ਤਿਰੀ ਚਿਣਗ ਲਈ ਵੀ ਜਗ੍ਹਾ ਕਰ ਲਵਾਂਗਾ, 

ਮਿਰੇ ਅਰਸ਼ ਉਂਝ ਤਾਂ ਅੰਗਾਰੇ ਬੜੇ ਨੇ । 

ਮੈਂ ਚੁੰਮ ਹੀ ਲਿਆ ਜਾ ਕੇ ਲਹਿਰਾਂ ਦਾ ਜੋਬਨ, 

ਅਤੇ ਮੇਰੇ ਪੈਰੀਂ ਕਿਨਾਰੇ ਬੜੇ ਨੇ । 

ਲਿਆਵੋ ਕੋਈ ਜਾ ਕੇ ਪਰਵਾਨਿਆਂ ਨੂੰ, 

ਮੈਂ ਦੀਵੇ ਤਾਂ ਥਾਂ ਥਾਂ ਸ਼ਿੰਗਾਰੇ ਬੜੇ ਨੇ। 

ਤੁਸਾਂ ਗਿਣ ਲਏ ਨੈਣਾਂ ਹੰਝੂ ਜੋ ਕੇਰੇ, 

ਜੋ ਕਿਰ ਨਾ ਸਕੇ ਗ਼ਮ ਦੇ ਮਾਰੇ ਬੜੇ ਨੇ। 

ਹੈ ਬਦਲਾਂ ਦਾ ਦਿਲ ਜੋ ਸਹੀ ਜਾ ਰਿਹਾ ਏ, 

ਪਾਏ ਬਿਜਲੀਆਂ ਤਾਂ ਲੰਗਾਰੇ ਬੜੇ ਨੇ। 

ਮੈਂ ਗ਼ਮ ਦੇ ਸਮੁੰਦਰ 'ਚ ਡੁਬਦਾ ਨਹੀਂ ਹਾਂ, 

ਤਿਰੇ ਗ਼ਮ ਦੇ ਮੈਨੂੰ ਸਹਾਰੇ ਬੜੇ ਨੇ ।

📝 ਸੋਧ ਲਈ ਭੇਜੋ