ਇਹ ਹੋਣਾ ਅਣਹੋਣੀ ਵਰਗਾ

ਇਹ ਹੋਣਾ ਅਣਹੋਣੀ ਵਰਗਾ ਹੋਇਆ ਯਾ ਨਾ ਹੋਇਆ ਮੈਂ ।

ਆਪਣਾ ਜੀਵਨ ਜੀਵਨ ਨਾਲੋਂ ਸਦੀਆਂ ਪਹਿਲਾਂ ਮੋਇਆ ਮੈਂ ।

ਸੂਰਜ ਦੇ ਮੂੰਹ ਉੱਤੇ ਰਾਤਾਂ ਆਣ ਦਵਾਤ ਉਲੱਦੀ ਏ,

ਪਲਕਾਂ ਤੇ ਆ ਤਾਰੇ ਚਮਕੇ ਦਰਦ ਹਨੇਰੇ ਰੋਇਆ ਮੈਂ ।

ਅੱਜ ਨਹੀਂ ਤੇ ਫੇਰ ਕਿਸੇ ਦਿਨ ਓੜਕ ਲੋਕਾਂ ਕਹਿਣਾ ਏ,

ਜ਼ਿਹਨਾਂ ਦੀ ਜੂਹ ਅੰਦਰ ਆ ਕੇ ਲਫ਼ਜ਼ ਬਗ਼ਾਵਤ ਬੋਇਆ ਮੈਂ ।

ਕੀਵੇਂ ਨਾਲ ਉਚਾਈਆਂ ਦੇ ਫਿਰ ਰਿਸ਼ਤਾ ਰਹੇ ਨਿਵਾਨਾਂ ਦਾ,

ਤੂੰ ਖ਼ੁਸ਼ੀਆਂ ਦਾ ਹਰਾ ਜਜ਼ੀਰਾ ਗ਼ਮ ਦਾ ਭਰਿਆ ਟੋਇਆ ਮੈਂ ।

ਮਾਰੇਗਾ 'ਸੁਲਤਾਨ' ਕੋਈ ਤੇ, ਕੌਣ ਮਰੇਗਾ ਸੋਚ ਲਵੋ,

ਲਫ਼ਜ਼ਾਂ ਦੇ ਇਸ ਜੰਗਲ ਅੰਦਰ ਆਪਣਾ ਆਪ ਲਕੋਇਆ ਮੈਂ ।

📝 ਸੋਧ ਲਈ ਭੇਜੋ