ਇਹ ਜੋ ਅੱਜ ਕਲ੍ਹ
ਲੰਮੀ ਰਾਤ ਦੀ ਕਾਲੀ ਵਾਟ ਝਾਗਦੇ
ਚਿੰਤਾ-ਡੰਗੇ ਸੁਫ਼ਨਿਆਂ ਵਿਚੋਂ
ਪੋਹ ਫੁਟਦੀ ਦੇ ਨਾਲ ਜਾਗਦੇ
ਚਾਹ ਦੇ ਘੁੱਟਾਂ ਨਾਲ
ਕਾਲੀਆਂ
ਕੁੰਗੀ ਲਗੀਆਂ ਖ਼ਬਰਾਂ ਚਰਦੇ
ਰੋਸ਼ਨਦਾਨੋਂ ਝਾਕਦੀਆਂ ਕਿਰਨਾਂ ਤੋਂ ਡਰਦੇ
ਰੋਜ਼ੀ ਦੀ ਸੱਦ
ਪੱਕੀ ਬਾਨ੍ਹ ਸਮੇਂ ਦੀ
ਹੂੰਗੇ ਜਿਹਾ ਹੁੰਗਾਰਾ ਭਰਦੇ
ਸਾਰਾ ਦਿਨ ਦਫ਼ਤਰ ਵਿਚ
ਆਪਣੇ ਤੋਂ ਉਤਲੇ ਅਫ਼ਸਰ ਨੂੰ
ਜੀ ਜੀ ਕਰਦੇ
ਉਸਦਾ ਹਰ ਬੇਲੁਤਫ਼ ਲਤੀਫ਼ਾ ਸੁਣਕੇ
ਹਾ ਹਾ ਹੀ ਹੀ ਕਰਦੇ
ਇਕ ਦੂਜੇ ਨੂੰ ਚੰਗੀ ਮੰਦੀ ਕਹਿੰਦੇ
ਅਤੇ ਮਤਹਿਤਾਂ ਤੋਂ ਆਦਰ ਦੀ ਝਾਕ 'ਚ ਰਹਿੰਦੇ
ਕੁਰਸੀ ਉੱਤੇ
ਇੱਜ਼ਤ ਵਾਲੇ
ਕਚ ਦੇ ਵਸਤਰ ਪਾ ਕੇ ਬਹਿੰਦੇ
ਕਿਤੋਂ ਕਿਤੇ ਕੁਝ ਤਿੜਕ ਨਾ ਜਾਏ
ਹਰ ਦਮ ਸਹਿੰਮੇ
ਅੰਗਾਂ ਦਾ ਅਕੜੇਵਾਂ ਸਹਿੰਦੇ
ਹਾਲ ਦਾ ਮਸਲਾ ਪਿਛਲਾ ਕੋਈ ਹਵਾਲਾ ਮੰਗਦਾ
ਜ਼ਿਹਨ ਖੁਰਚਦੇ ਵਿਹੁ ਘੋਲਦੇ
ਫਿਰ ਯਾਦਾਂ ਦੀ ਮੈਲੀ ਬੋਝਲ ਮਿਸਲ ਫੋਲਦੇ
ਨਿੱਕੀ ਨਿੱਕੀ ਹਰ ਹਾਨੀ ਦੀ
ਤਿੱਖੀ ਤਿੱਖੀ ਚੋਭ ਲਕੋ ਕੇ
ਰੋਜ਼ੀ ਦੇ ਦਰ ਹੀਣੇ ਹੋ ਕੇ
ਬੀਤੀ ਕਲ੍ਹ ਨਾਲੋਂ ਵੀ ਥੁੜਦੇ
ਸ਼ਾਮ ਪਈ ਤੋਂ ਘਰ ਨੂੰ ਮੁੜਦੇ
ਬੱਚਿਆਂ ਦੀ ਦਿਲਜੋਈ ਨੂੰ ਉੱਤੋਂ ਮੁਸਕਾਉਂਦੇ
ਅੰਦਰੋਂ ਘਰ ਦੀਆਂ ਫੁਟਕਲ ਲੋੜਾਂ ਉੱਤੇ ਕੁੜ੍ਹਦੇ
ਘਰ ਵਾਲੀ ਦੇ ਮੱਥੇ ਵੱਟ ਨੂੰ ਘੜੀ ਝਕਾਨੀ ਦੇ ਕੇ
ਰੁੱਖੇ ਵਾਲਾਂ
ਮੈਲੇ ਦੰਦਾਂ ਵਾਲੇ
ਮਿਤਰਾਂ ਨਾਲ ਬੈਠਕੇ
ਕਾਲੀਆਂ ਕੁੰਗੀ ਲਗੀਆਂ ਖ਼ਬਰਾਂ ਚਿੱਥਦੇ
ਫੇਰ ਉਗਾਲੀ ਕਰਦੇ
ਕੋਈ ਅੱਖ਼ਰ ਲੜੇ ਜੀਭ ਤੇ
ਸੰਘ ਵਿਚ ਅੜੇ
ਤਾਂ ਤੱਤੀ ਕਾਫ਼ੀ ਦਾ ਘੁੱਟ ਭਰਦੇ
ਦਿਲ ਨੂੰ ਲਾਰਾ ਲੱਪਾ ਲਾਕੇ
ਰੋਜ਼ ਤਕਾਲੀਂ
ਰੌਲੇ ਰੱਪੇ ਦਾ ਇਕ ਗੰਦਾ ਛੱਪੜ ਤਰਦੇ
ਰਾਤੀਂ ਜੇ ਤਨ ਦੇ ਨੇਰ੍ਹੇ ਵਿਚ
ਇੱਛਾ ਦੀ ਕੋਈ ਕੂੰਬਲ ਉਗਦੀ
ਬੱਚਿਆਂ ਦੇ ਜਾਗਣ ਤੋਂ ਡਰਦੇ
ਹੌਲੀ ਹੌਲੀ
ਬੀਵੀ ਦੇ
ਥੱਕੇ
ਨਿੰਦਰਾਏ
ਅੰਗਾਂ ਤੋਂ ਵਸਤਰ ਸਰਕੌਂਦੇ
ਕੁਝ ਪਲ ਡੱਕੋ ਡੋਲੇ ਖਾਕੇ
ਇੱਛਾ ਦੀ ਕੂੰਬਲ ਕਮਲੌਂਦੀ
ਫਿਰ ਉਂਘਲੌਂਦੇ
ਚਿੰਤਾ-ਡੰਗੇ ਸੁਫ਼ਨਿਆਂ ਵਾਲੀ
ਲੰਮੀ ਰਾਤ ਦੇ ਰਾਹ ਪੈ ਜਾਂਦੇ
ਓਹੀ ਕਾਲੀ ਵਾਟ ਝਾਗਦੇ
ਪੌਹ ਫੁਟਦੀ ਦੇ ਨਾਲ ਜਾਗਦੇ
ਕੌਣ ਯਕੀਨ ਕਰੇਗਾ
ਇਹਨਾਂ
ਮਸਫੁਟਦੀ ਤੋਂ
ਮਹਿਕਦੀਆਂ ਲੋਚਾਂ ਦੀ ਕੱਚੀ ਰੁੱਤੇ
ਕਿਆਸਾਂ ਦੀ ਸਤਰੰਗੀ ਪੀਂਘ ਝੂਟਦੇ
ਜੁਗ ਪਲਟਾਣ ਦੀ ਸੌਂਹ ਖਾਧੀ ਸੀ
ਇਹਨਾਂ ਨੂੰ ਮਨਜ਼ੂਰ ਨਹੀਂ ਸਨ
ਸਮੇਂ ਸਥਾਨ ਦੀਆਂ ਸੀਮਾਵਾਂ
ਸਤਰੰਗੀਆਂ ਪੀਂਘਾਂ ਤੋਂ ਅੱਗੇ ਲੰਘ ਜਾਣ ਦੀ ਸੌਂਹ ਖਾਧੀ ਸੀ
ਇਹ ਜੋ ਅਜ ਕਲ੍ਹ
ਲੰਮੀ ਰਾਤ ਦੀ ਕਾਲੀ ਵਾਟ ਝਾਗਦੇ
ਚਿੰਤਾ-ਡੰਗੇ ਸੁਫ਼ਨਿਆਂ ਵਿਚੋਂ
ਪੌਹ ਫੁਟਦੀ ਦੇ ਨਾਲ ਜਾਗਦੇ।