ਇਹ ਕੈਸਾ ਸ਼ਬਦ-ਕੋਸ਼ ਹੈ

ਇਹ ਕੈਸੀਆਂ ਰੀਤਾਂ ਨੇ

ਇਹ ਕੈਸੇ ਸ਼ਬਦ ਨੇ

ਇਹ ਕੈਸਾ ਸ਼ਬਦ-ਕੋਸ਼ ਰਚਿਆ ਹੋਇਆ ਹੈ

ਜਿਸ ਵਿੱਚ ਔਰਤ ਦੀ ਮਰਜ਼ੀ ਦੇ

ਕੋਈ ਮਾਅਨੇ ਨਹੀਂ

ਉਸਦੀ ‘ਨਾਂਹ’ ਦੇ ਵੀ ਕੋਈ ਅਰਥ ਨਹੀਂ

ਉਸਦੇ ਹਾਸੇ ਨੂੰ

ਸਹਿਮਤੀ ਦੀ ਸੈਨਤ ਸਮਝਿਆ ਜਾਂਦਾ ਹੈ

ਤੇ ਰੋਣ ਨੂੰ ਚਲਿੱਤਰ

ਇਹ ਕੈਸਾ ਰੱਬ ਹੈ

ਸਿਰਫ ਮਰਦਾਨਾ ਰੱਬ

ਔਰਤਨਾ ਰੱਬਤਾ ਤੋਂ ਖ਼ਾਲੀ

ਇਹ ਕੈਸਾ ਗੁਰੂ ਘਰ ਹੈ

ਜਿੱਥੇ ਨਾਰੀਆਂ ਦੇ ਕੀਰਤਨ ਨਾਲ਼

ਮਰਿਯਾਦਾ ਵਿੱਚ ਵਿਘਨ ਪੈਂਦਾ ਹੈ

ਇਹ ਕੈਸੇ ਧਾਮ ਨੇ

ਜਿੱਥੇ ਮਸੂਮ ਬਾਲੜੀਆਂ ਨੂੰ

ਦੇਵਦਾਸੀਆਂ ਬਣਾ ਧਰਮੀ ਤਵਾਇਫ਼ਾਂ

ਬਣਾ ਦਿੱਤਾ ਜਾਂਦਾ ਹੈ

ਇਹ ਕੈਸਾ ਹੱਜ ਹੈ

ਜਿਸਤੇ ਜਾਣ ਲਈ

ਔਰਤ ਨੂੰ ਮਰਦ ਮਹਿਰਮ ਦਾ

ਮੁਹਤਾਜ ਹੋਣਾ ਪਵੇ

ਇਹ ਕੈਸੀ ਸ਼ਰੀਅਤ ਹੈ

ਜਿੱਥੇ ਔਰਤ ਦਾ ਬਦਨ ਤਾਂ ਪੂਰਾ

ਪਰ ਉਸਦੀ ਗਵਾਹੀ ਅੱਧੀ**ਹੀ ਕਬੂਲੀ ਜਾਂਦੀ ਹੈ

ਇਹ ਜੰਨਤ ਵੀ ਕੈਸੀ ਹੈ

ਜਿੱਥੇ ਮਰਦ ਲਈ ਹੂਰਾਂ***

ਪਰ ਔਰਤ ਲਈ ਹੂਰ-ਸੌਂਕਣਾਂ

ਪੇਸ਼ ਕੀਤੀਆਂ ਜਾਂਦੀਆਂ ਹਨ

ਇਹ ਕੈਸੇ ਲੋਕ ਨੇ

ਜੋ ਪ੍ਰਲਕ ਤੱਕ ਵੀ

ਔਰਤ ਨਾਲ ਵਿਤਕਰਾ ਕਰਦੇ ਨੇ

ਇਹ ਕੈਸੀਆਂ ਰੀਤਾਂ ਨੇ

ਇਹ ਕੈਸੇ ਸ਼ਬਦ ਨੇ

ਇਹ ਕੈਸਾ ਸ਼ਬਦ-ਕੋਸ਼ ਰਚਿਆ ਹੋਇਆ ਹੈ

ਇਹ ਸਭ ਵਿਤਕਰੇ ਵਾਲ਼ਾ ਵਿਧੀ ਵਿਧਾਨ

ਮੇਰੇ ਪਿਉ ਦਾਦੇ ਨੇ ਰਚਿਆ ਹੈ

ਮੇਰੀ ਮਾਂ ਭੈਣ ਨੇ ਕਬੂਲ ਕੀਤਾ

ਪਰ ਮੇਰੀਆਂ

ਧੀਆਂ

ਦੋਹਤੀਆਂ

ਪੋਤੀਆਂ

ਇਸਨੂੰ ਨਕਾਰਨਗੀਆਂ

ਇਸਨੂੰ ਪਿਤਰਾਂ ਦੇ ਨਾਲ਼  ਹੀ

ਅੱਗ ਵਿੱਚ ਸਾੜਨਗੀਆਂ

--------------------------------------------

*ਇਸਲਾਮੀ ਪਰੰਪਰਾ ਅਨੁਸਾਰ ਔਰਤ ਆਪਣੇ ਪਤੀ 

ਜਿਸਨੂੰ ਮਹਿਰਮ ਕਿਹਾ ਗਿਆ ਹੈ ਬਿਨਾ ਹੱਜ 'ਤੇ ਨਹੀਂ 

ਜਾ ਸਕਦੀ ।

**ਇਸਲਾਮ ਅਨੁਸਾਰ ਔਰਤ ਦੀ ਅੱਧੀ ਗਵਾਹੀ ਕਬੂਲ 

ਕੀਤੀ ਜਾਂਦੀ ਹੈ ਭਾਵ ਦੋ ਔਰਤਾਂ ਦੀ ਇੱਕ ਗਵਾਹੀ ਮੰਨੀ 

ਜਾਂਦੀ ਹੈ ।

*** ਇਸਲਾਮ ਅਨੁਸਾਰ ਜੰਨਤ ਵਿੱਚ ਚੰਗੇ ਕਰਮ ਕਰਨ 

ਵਾਲਿਆਂ ਨੂੰ ਹੂਰਾਂ ਅਤੇ ਆਹਲਾ ਸ਼ਰਾਬ ਪੇਸ਼ ਹੋਵੇਗੀ ।

📝 ਸੋਧ ਲਈ ਭੇਜੋ