ਇਹ ਕੰਮ ਆਪ ਕਰਨਾ ਤੇ ਹੋਰਨਾਂ ਨੂੰ ਦੱਸਣਾ।
ਜਿੱਥੇ ਦਿਸੇ ਹਨ੍ਹੇਰਾ ਓਥੇ ਚਰਾਗ ਰੱਖਣਾ।
ਇਕ ਵਕਤ ਵਰਗੀ ਆਦਤ ਤੈਨੂੰ ਨਸੀਬ ਹੋਵੇ,
ਅੱਗੇ ਹੀ ਅੱਗੇ ਜਾਣਾਂ, ਪਿੱਛੇ ਨਾ ਮੁੜਕੇ ਤੱਕਣਾ।
ਇਸ ਦਿਲ ਦੇ ਬਾਰੇ ਚਿੰਤਤ ਹੋਣ ਦੀ ਲੋੜ ਹੁਣ ਕੀ?
ਦਰਿਆ ਦਾ ਕੀਹ ਹੈ ਇਸਨੇ, ਚੜ੍ਹਨਾ ਕਦੇ ਉਤਰਨਾ।
ਇਹ ਬੇ-ਅਬਾਦ ਮੰਜ਼ਰ, ਵੀਰਾਨੀਆਂ ਤੇ ਖੰਡਰ,
ਆਉਂਦੈ ਕਬੂਤਰਾਂ ਨੂੰ ਪਰ ਇਸ ਜਗ੍ਹਾ ਗੁਟਕਣਾ।
ਹਰ ਇਕ ਤੂਫ਼ਾਨ ਦੇ ਨਾ’ ਲੋਹਾ ਲਿਆ ਹੈ ਇਸਨੇ,
ਇਹ ਤੂਤ ਦਾ ਹੈ ਬੂਟਾ ਇਸਨੇ ਕਦੇ ਨਹੀਂ ਟੁੱਟਣਾ।
ਨ੍ਹੇਰੇ 'ਚ ਬਿਜਲੀ ਚਮਕੀ, ਦਰਵਾਜ਼ਾ ਦਿਸ ਪਿਆ ਪਰ,
ਬਾਰਸ਼ ’ਚ ਤੇਰੇ ਬਿਨ ਕਿਸ, ਦਹਿਲੀਜ਼ ਬਣਕੇ ਖ਼ੜ੍ਹਨਾ।
ਬਾਗ਼ੀਂ ਸਮੇਤ ਪੰਛੀਆਂ ਜਦ ਉਤਰਦੀ ਹੈ ਸ਼ਾਮ।
ਬਣ ਬਣ ਰੰਗ, ਰੂਪ ਕੀ! ਕੀ!! ਬਿਖਰਦੀ ਹੈ ਸ਼ਾਮ।
ਚਿਹਰਾ ਕਿਸੇ ਦਾ ਜਿਸ ਤਰ੍ਹਾਂ ਆਂਚਲ ’ਚੋਂ ਝਲਕਦਾ,
ਬੱਦਲਾਂ ਦੇ ਉਹਲਿਓਂ ਇਉਂ ਕੁਝ ਗੁਜ਼ਰਦੀ ਹੈ ਸ਼ਾਮ।
ਸਿਰ ਉੱਤੇ ਕਾਲੀ ਰਾਤ ਹੈ ਹੱਥਾਂ ਤੇ ਹੈ ਹਿਨਾ,
ਸ਼ਮ੍ਹਾਂ ਦੇ ਵਾਂਗ ਸ਼ਾਮ ਨੂੰ ਹੀ ਨਿਖਰਦੀ ਹੈ ਸ਼ਾਮ।
ਪੋਟੇ ਜਿਵੇਂ ਨੇ ਧੁੱਪ ਦੇ, ਪਾਉਂਦੇ ਜੋ ਔਸੀਆਂ,
ਬੈਠੀ ਦਰਖ਼ਤਾਂ ਹੇਠ ਕੀ! ਕੁਝ ਚਿਤਰਦੀ ਹੈ ਸ਼ਾਮ।
ਅੱਖਾਂ ’ਚ ਖ਼ਾਲੀਪਣ ਲਈ ਵੇਖਣ ਇਮਾਰਤਾਂ,
ਜਦ ਇਸ ਭਰੇ ਬਜ਼ਾਰ ’ਚੋਂ ਦੀ ਗੁਜ਼ਰਦੀ ਹੈ ਸ਼ਾਮ।
ਦਿਲ ਦੀ ਰਗਾਂ ਤੇ ਚੱਲਦੀ ਇਕ ਤੇਜ਼ਤਰ ਛੁਰੀ,
ਪੀਲੇ ਦਰਖ਼ਤਾਂ 'ਚੋਂ ਜਦੋਂ ਵੀ ਵਿਚਰਦੀ ਹੈ ਸ਼ਾਮ।
ਦੀਵਾ ਕਿਸੇ ਦੀ ਯਾਦ ਦਾ ਹੈ ਬਾਲਦੀ ਜ਼ਮੀਰ,
ਅੱਜ ਦੀ ਤਾਂ ਸ਼ਾਮ ਦੋਸਤੋ, ਗ਼ਮ ਫ਼ਿਕਰ ਦੀ ਹੈ ਸ਼ਾਮ।