ਇਹ ਕੇਹਾ ਕੂੜ ਇਹ ਕੇਹਾ ਇਲਜ਼ਾਮ ਹੈ ਯਾਰੋ ।
ਕਿ ਸੱਚ ਦੇ ਆਸ਼ਕਾਂ ਦੇ ਨਾਲ ਮੇਰਾ ਨਾਮ ਹੈ ਯਾਰੋ।
ਕਿਸੇ ਮਰੀਅਮ ਦੇ ਦੋਖੀ ਨੂੰ ਸਿੰਘਾਸਨ ਮਿਲ ਗਿਆ ਲੱਗਦੈ,
ਕਿ ਬਸਤੀ ਕੂੜ ਦੀ ਅੰਦਰ ਬੜਾ ਕੁਹਰਾਮ ਹੈ ਯਾਰੋ।
ਕਰੀ ਡੰਡੌਤ ਕੀ ? ਦਿਲ ਦਾ ਹਨੇਰਾ ਵੱਧ ਗਿਆ ਲੱਗਦੈ,
ਮੇਰੀ ਸ਼ਰਧਾ ਹੀ ਕੂੜੀ ਹੈ ਜਾਂ ਕੂੜਾ ਧਾਮ ਹੈ ਯਾਰੋ।
ਬਿਨਾਂ ਵਰ੍ਹਿਆਂ ਹੀ ਲੰਘ ਚੱਲੇ ਨੇ ਕੀਕਰ ਮੇਘਲੇ ਸਾਰੇ,
ਰਤਾ ਸਮਝੋ ਕਿ ਇਸ ਵਿੱਚ ਵੀ ਕੋਈ ਪੈਗ਼ਾਮ ਹੈ ਯਾਰੋ ।
ਜਦੋਂ ਦਾ ਮੰਨਿਆ ਖ਼ੁਦ ਹੀ ਤਬੀਬਾਂ ਨੇ ਕਸੂਰ ਆਪਣਾ,
ਬੜੀ ਰਾਹਤ ਮਿਲੀ ਦਿਲ ਨੂੰ ਬੜਾ ਆਰਾਮ ਹੈ ਯਾਰੋ।
ਜਿਨ੍ਹਾਂ ਵਿੱਚ ਪਿਆਰ ਦੀ ਗੱਲ, ਪਿਆਰ ਦੀ ਬੋਲੀ 'ਚ ਹੁੰਦੀ ਏ,
ਉਨ੍ਹਾਂ ਗਲੀਆਂ 'ਚ 'ਕੇਸ਼ੀ' ਬਹੁਤ ਹੀ ਬਦਨਾਮ ਹੈ ਯਾਰੋ।