ਬੋਹੜਾਂ ਵਰਗੇ ਰੁੱਖ ਨੇ ਲੱਗਦੇ
ਚਿਰਾਂ ਦੇ ਬੈਠੇ ਚੁੱਪ ਨੇ ਲੱਗਦੇ,
ਕੌਣ ਇਹਨਾਂ ਲਈ ਪੜ੍ਹੇ ਦੁਆਵਾਂ
ਇਹ ਕਿਸੇ ਦੇ ਪੁੱਤ ਨਈਂ ਲੱਗਦੇ..
ਵਾਂਗ ਰਾਵੀ ਦੇ ਚੱਲਣ ਵਾਲੇ
ਆਪਣੀ ਮਸਤੀ ਚੱਲਣ ਚਾਲੇ,
ਨੱਕਾ ਅਧਵਾਟੋਂ ਮੋੜ੍ਹ ਲੈ ਗਏ ਨੇ
ਵੈਰੀ ਸੱਚ ਦੇ ਬੁੱਤ ਨਈ ਲੱਗਦੇ
ਇਹ ਕਿਸੇ ਦੇ ਪੁੱਤ...
ਪਿੰਡਾਂ ਨੂੰ ਸ਼ਹਿਰਾਂ ਘੇਰ ਲਿਐ
ਪੈਰ ਵੱਡਕੇ ਤੇ ਰੰਧਾ ਫੇਰ ਲਿਐ,
ਹੱਸਦੇ ਤਾਂਹਵੀ ਚਾਂਈਂ ਨਾਂ ਰੱਜਣ
ਇਹ ਹਾਰੇ ਕੋਈ ਯੁੱਧ ਨਈ ਲੱਗਦੇ
ਇਹ ਕਿਸੇ ਦੇ ਪੁੱਤ...
ਜੰਮੇ ਕਿੱਥੇ ਤੇ ਪਏ ਪਲ਼ਦੇ ਕਿੱਥੇ
ਭਾਂਬੜ੍ਹ ਲੋੜਾਂ ਦੇ ਪਏ ਬਲ਼ਦੇ ਕਿੱਥੇ,
ਕਿਹਦੇ ਕਹਿਣ ਤੇ ਉੱਜੜ੍ਹੀ ਬੈਠੇ
ਇਹ ਭੁੱਲੇ ਤੇ ਕੋਈ ਸੁੱਧ ਨਈਂ ਲੱਗਦੇ
ਇਹ ਕਿਸੇ ਦੇ ਪੁੱਤ...
ਮੁਨਾਰਿਆਂ ਨੂੰ ਰੁਸ਼ਨਾਉਂਦੇ ਰਹੇ ਨੇ
ਮਾਤ ਬੜ੍ਹਿਆਂ ਨੂੰ ਪਾਉਂਦੇ ਰਹੇ ਨੇ,
ਵਿਰਾਨ ਵਿਰਾਸਤਾਂ ਕਰਕੇ ਵੀ ਤੇ
ਬੀਤ ਚੁੱਕੀ ਕੋਈ ਰੁੱਤ ਨਈਂ ਲੱਗਦੇ
ਇਹ ਕਿਸੇ ਦੇ ਪੁੱਤ...।