ਇਹ ਲੋਕ ਨੇ 

ਤੇਰੇ ਹੀ ਸਤਾਏ ਹੋਏ ਨੇ -ਹੁਕਮਰਾਨਾ

ਤੇ ਹਾਂ ਜਦ ਕੋਈ ਸਤ ਜਾਂਦਾ ਹੈ ਜ਼ੁਲਮ ਤੋਂ 

ਤਾਂ ਉਹ ਕੀ ਕੀ ਨਹੀਂ ਕਰ ਸਕਦਾ  

ਜ਼ਖ਼ਮਾਂ ਕੋਲ 

ਕੋਈ ਅਰਜ਼ ਨਹੀਂ ਹੁੰਦੀ  

ਤੇ ਨਾ ਹੀ ਚੈਨ ਕਰਨ ਨੂੰ ਕੋਈ ਪਲ

ਦੁੱਧ ਤੋਂ ਭੁੱਖੀਆਂ ਬੁੱਲ੍ਹੀਆਂ ਨੂੰ

ਆਰਾਮ ਕਾਹਦਾ

ਟੁੱਕ ਤੋਂ ਬਿਨਾਂ ਪੇਟ ਨੂੰ ਕਿਹੜੀ ਆਸ 

ਜੇ ਸਾਨੂੰ ਨੀਂਦ ਨਹੀਂ 

ਤਾਂ ਤੈਨੂੰ ਕਿਹੜਾ ਕੋਈ ਆਰਾਮ ਲੈਣ ਦੇਵਾਂਗੇ  

ਇਹ ਤਾਜ ਵੀ ਸਾਡੇ ਬਖ਼ਸ਼ੇ ਹੋਏ

ਇਹ ਤਖ਼ਤ ਵੀ ਸਾਡੇ 

ਤੂੰ ਸਾਡੀ ਮਾਂ ਦੀਆਂ ਦਿੱਤੀਆਂ 

ਲੋਰੀਆਂ ਦਾ ਕਤਲ ਕੀਤਾ ਹੈ 

ਬੁੱਢੇ ਬਾਪੂ ਦੀਆਂ ਰੀਝਾਂ ਨੂੰ ਵਲੂੰਧਰਿਆ ਹੈ

ਤੂੰ ਜਾਣਦਾ ਨਹੀਂ ਪੱਛੀਆਂ ਸੱਧਰਾਂ ਤੇ 

ਵਲੂੰਧਰੀਆਂ ਰੂਹਾਂ ਦੇ ਸੁਪਨਿਆਂ ਵਿੱਚ 

ਕੀ ਕੀ ਉੱਕਰਿਆ ਜਾਂਦਾ ਹੈ 

ਸਾਡੇ ਪਹਿਨਾਏ ਹੋਏ ਹਾਰ ਦੀ 

ਪੱਤੀ ਪੱਤੀ ਦਾ ਤੈੰ ਅਪਮਾਨ ਕੀਤਾ ਹੈ 

ਮਿੱਟੀ ਕਦੇ ਮੁਆਫ਼ ਨਹੀਂ ਕਰਦੀ ਹੁੰਦੀ 

ਕਿਰੇ ਅੱਥਰੂ ਕਦੀ ਅਜਾਈਂ ਨਹੀਂ ਜਾਂਦੇ ਹੁੰਦੇ  

ਤੂੰ ਜ਼ਰਾ ਸਿਸਕਦੀਆਂ ਰੂਹਾਂ ਦੇ ਮੋਢਿਆਂ ਤੇ ਹੱਥ ਰੱਖ 

ਮੈਂ ਬਲਦੇ ਸਿਵੇ ਬੁਝਾ ਆਵਾਂ

ਤੂੰ ਮੇਰੇ ਨੰਨ੍ਹੇ ਬੱਚਿਆਂ ਦੇ ਖਿਡੌਣੇ ਸਾਂਭ 

ਮੈਂ ਰੋਂਦੀਆਂ ਰਾਤਾਂ ਸੁਆ ਆਵਾਂ

📝 ਸੋਧ ਲਈ ਭੇਜੋ