ਇਹ ਨਾ ਆਖੀਂ ਹਿਜ਼ਰਾਂ ਦੇ ਵਿੱਚ ਤੇਰੇ ਵੈਣ ਨਈਂ ਦਿੱਤੇ
ਦਿੱਤੇ ਨੇ ਪਰ ਅਪਣੇ ਵੀ ਮੈਂ ਕੰਨੀ ਪੈਣ ਨਈਂ ਦਿੱਤੇ
ਝੰਡੇ ਅਣਖਾਂ ਲੱਜਾਂ ਵਾਲੇ ਭੁੰਜੇ ਢੈਣ ਨਈਂ ਦਿੱਤੇ
ਭਾਂਵੇ ਸਾਡੇ ਜੁੱਸਿਆਂ ਨਾਲ ਵੀ ਬਾਜ਼ੂ ਰਹਿਣ ਨਈਂ ਦਿੱਤੇ
ਤਾਂ ਵੱਡਿਆਂ ਨੂੰ ਮੇਰਾ ਜੀਣ ਕਸਾਰਾਂ ਵਾਂਗੂੰ ਚੁੱਭਦਾ
ਛੋਟੇ ਲੋਕੀ ਮੈਂ ਇਹਨਾਂ ਦੇ ਪੈਰੀਂ ਬਹਿਣ ਨਈਂ ਦਿੱਤੇ
ਜਿੰਨੇ ਆਖੇ ਤੇਰੇ ਵਰਗੇ ਸੋਹਣੇ ਸਿੱਧੇ ਆਖੇ
ਤੇਰੇ ਮੁੱਖ ਨੇ ਸ਼ਿਅਰ ਵੀ ਮੈਨੂੰ ਕੋਝੇ ਕਹਿਣ ਨਈਂ ਦਿੱਤੇ
ਢਿਡਾਂ ਉੱਤੇ ਪੱਥਰ ਬੰਨਕੇ ਖ਼ੰਦਕ ਖੱਟੀ ਅਨਵਰ
ਦੁਸ਼ਮਣ ਅੱਗੇ ਭੁੱਖ ਵੀ ਟੇਕਣ ਨੈਣ ਪਰੈਣ ਨਈਂ ਦਿੱਤੇ