ਇਹ ਨਾ ਸਮਝੀਂ

ਇਹ ਨਾ ਸਮਝੀਂ 

ਕਿ ਜਰਾ ਚੁੱਪ ਹਾਂ 

ਕਿ ਮੇਰੀ ਜ਼ੁਬਾਨ ਟੁੱਕੀ ਗਈ ਹੈ 

ਬਾਹਾਂ ਵਿਚ ਤਾਕਤ ਨਹੀਂ ਰਹੀ

ਕਿਤੇ ਇਹ ਨਾ ਸਮਝ ਲਵੀਂ

ਇਹ ਨਾ ਭਰਮ ਜੇਬ ਚ ਪਾ ਕੇ ਸੌਂ ਜਾਵੀਂ

ਚੁੱਪ ਹੋਠਾਂ 

ਦਾ ਮਤਲਬ ਇਹ ਨਹੀਂ ਹੁੰਦਾ

ਕਿ ਮੈਨੂੰ ਤੇਰੀਆਂ ਕੋਝ੍ਹੀਆਂ

ਚਾਲਾਂ ਨਹੀਂ ਦਿਸਦੀਆਂ

ਕਿ ਤੇਰੀਆਂ ਮੀਜਾਈਲਾਂ 

ਮੇਰੀਆਂ ਹਿੱਕ ਤੋਂ ਹੋ ਕੇ ਨਹੀਂ ਲੰਘਦੀਆਂ

ਕਿ ਸੜ੍ਹ ਬਲ ਰਹੀਆਂ ਇਮਾਰਤਾਂ

ਮੇਰੇ ਸੀਨੇ ਤੇ ਨਹੀਂ ਡਿੱਗ ਰਹੀਆਂ

ਕਿ ਦੁੱਧ ਚੁੰਘਾਉਦੀਆਂ ਮਾਂਵਾਂ ਨਹੀਂ 

ਦਿਸਦੀਆਂ ਕਿਵੇਂ ਤੈਂ ਸੁਆ ਦਿੱਤੀਆਂ ਮਲਵੇ ਦੇ ਅਸਹਿ ਭਾਰ ਹੇਠ

ਮੈਨੂੰ ਸੱਭ ਪਤਾ ਹੈ 

ਮੈਂ ਸੱਭ ਤੱਕ ਰਿਹਾ ਹਾਂ 

ਮੈਂ ਤਾਂ ਅਜੇ ਸੰਸਾਰ ਦੇ ਉਜਾੜੇ ਰਾਖ਼ ਕੀਤੇ ਘਰਾਂ ਚ ਹਨੇਰਾ 

ਤੇ ਦਰਦ ਮਿਣ ਰਿਹਾ ਹਾਂ

ਅਜੇ ਧਰਵਾਸ ਦੇਣਾ

ਦੋ ਕੁ ਬਚੇ ਰਹਿ ਗਏ 

ਜਗਦੇ ਦੀਵਿਆਂ ਵਾਲਿਆਂ ਨੂੰ 

ਅਜੇ ਤਾਂ ਮੈਂ

ਮਰ ਗਏ ਗੀਤਾਂ ਦੇ ਮਰਸੀਏ ਲਿਖ 

ਯਾਰਾਂ ਨੂੰ ਪੜ੍ਹਾਉਣੇ ਹਨ 

ਕੁਫ਼ਰ ਤੋਲਦੀ ਅਦਾਲਤ ਨੂੰ

ਅਜੇ ਅਲਟੀਮੇਟਮ ਦੇਣਾ

ਸਦੀਆਂ ਤੋਂ ਬਾਹਰ ਬੈਠੀਆਂ ਉਡੀਕਦੀਆਂ ਰੂਹਾਂ ਦੇ ਫੈਸਲੇ

ਕਰਾਉਣੇ ਅਜੇ 

ਪੁੱਛਣਾ ਹਕੂਮਤ ਨੂੰ ਕਿ ਉਮਰ ਭਰ ਦੀਆਂ ਸਜ਼ਾਵਾਂ ਭੁਗਤ ਰਹੇ ਬਲਾਤਕਾਰੀ ਕਾਤਲ 

ਕਿੰਝ ਖੁੱਲ੍ਹੇ ਫਿਰ ਰਹੇ ਹਨ

ਅਸ਼ੀਰਵਾਦਾਂ ਦਾ ਪ੍ਰਪੰਚ ਰਚਦੇ 

ਹਰ ਉੱਜੜੇ ਘਰੀਂ 

ਦੀਵਾ ਜਗਾ ਕੇ ਆਉਣਾ ਅਜੇ

ਭਟਕਦੀਆਂ ਰੂਹਾਂ ਨੂੰ ਸੁਆ ਰਿਹਾਂ ਅਜੇ 

ਰਾਖ ਸਾਂਭ ਰਿਹਾਂ 

ਮਾਂਵਾਂ ਦੇ ਸਿਵਿਆਂ ਦੀ ਅਜੇ 

ਕਬਰਾਂ ਦੇ ਰੁੱਖਾਂ ਹੇਠ ਬੈਠਾ 

ਅਜੇ ਮਰਮਰੀ ਬੁੱਤਾਂ ਨੂੰ

ਬੋਲਣ ਲਾਉਣਾ ਟੁਰਨਾ ਸਿਖਾਉਣਾ

ਟੰਗੇ ਬੇਗੁਨਾਹਾਂ ਨੂੰ ਸਲੀਬਾਂ ਤੋਂ ਉਤਾਰਨਾ ਅਜੇ 

ਲੋਕਪੱਖੀ ਰਾਜ ਥਾਪਣੇ 

ਹਨੇਰੇ ਚ ਲੱਪ ਕੁ ਰੀਝਾਂ ਲੈ ਬੈਠੀਆਂ

ਬਸਤੀਆਂ ਵਿੱਚ ਸੂਰਜ ਨੂੰ ਸੱਦਣਾ ਅਜੇ 

ਚਿੱਤਰਨੇ ਅਜੇ ਪੱਕੇ ਰੰਗਾਂ ਨਾਲ ਨਕਸ਼ ਦੁਨੀਆਂ ਦੇ 

ਉੱਕਰਨੇ ਅਮਿੱਟ ਲਫ਼ਜ਼ ਮਰਮਰੀ ਬੁੱਤਾਂ ਤੇ

ਅੰਬਰਾਂ ਤੇ ਲਿਖਣੀਆਂ ਅਜੇ ਉਦਾਸ ਮੱਥਿਆਂ ਦੀਆਂ ਲੰਮੀਆਂ ਤਕਦੀਰਾਂ 

ਰੁਮਕਦੀਆਂ ਹਵਾਵਾਂ ਨੂੰ ਸੱਦਾ ਦੇਣਾ ਅਜੇ ਗਾਉਣ ਦਾ

ਬੁਝਦੇ ਦੀਪਕ ਜਗਾਉਣੇ ਸਾਰੇ ਘਰਾਂ 

ਦੇ ਅਜੇ

ਸੋ ਮੇਰੀ ਖਾਮੋਸ਼ੀ ਨੂੰ ਕਿਤੇ

ਗ਼ਮ ਨਾ ਸਮਝ ਲਈਂ 

ਇਹ ਨਾ ਜਾਣ ਲਈਂ 

ਕਿ ਨਗਰ ਮਰ ਗਿਆ ਹੈ

ਖ਼ਬਰੇ ਸੌਂ ਗਿਆ ਹੈ ਇਹ ਸ਼ਹਿਰ

ਜਹਾਨ ਚ ਕਿਤੇ ਵੀ 

ਬੇਕਸੂਰ ਰੂਹਾਂ ਉਤੇ ਬੰਬ ਡਿੱਗੇ 

ਇਮਾਰਤਾਂ ਸੜ੍ਹਨ

ਚੀਕ ਨਿਕਲੇ ਡੱਕੀ ਨਹੀਂ ਜਾਂਦੀ

ਹਰ ਚੇਤੰਨ ਕੰਨ ਸੁਣ ਲੈਂਦਾ ਹੈ 

ਤੇਰੇ ਖਰਮਸਤੀਆਂ ਦਾ ਸ਼ੀਸ਼ਾ ਬਣ ਖੜ੍ਹ ਗਿਆ ਸੀ ਪਲ ਭਰ 

ਚੁੱਪ ਨਹੀਂ ਰਹਾਂਗਾ

ਕਿਸੇ ਦੀ ਚੁੱਪ 

ਆਪਣੀ ਜਿੱਤ ਨਹੀਂ ਸਮਝੀ ਦੀ 

ਤੈਨੂੰ ਜਦ ਤਬਾਹਕੁੰਨ ਤਸਵੀਰਾਂ 

ਢੱਠੇ ਮੰਜ਼ਰ ਕੁਚਲੀਆਂ ਸੱਧਰਾਂ

ਮਰੇ ਨਗ਼ਮੇ ਵਿਖਾਏ

ਤਾਂ ਤੂੰ ਸ਼ਰਮ ਨਾਲ ਥਾਂ ਤੇ ਹੀ 

ਗ਼ਰਕ ਭਸਮ ਹੋ ਜਾਣਾ

ਸ਼ਰਮਸਾਰ ਹੋ ਕੇ

📝 ਸੋਧ ਲਈ ਭੇਜੋ