ਇਹ ਨਜ਼ਰ ਦਾ ਭਰਮ ਹੈ ਜਾਂ ਨੂਰ ਹੈ,
ਰੇਤਲਾ ਟਿੱਬਾ ਵੀ ਦਿਸਦਾ ਤੂਰ ਹੈ।
ਹੁਕਮ ਹੈ ਕਿ ਚਹਿਚਹਾਓ ਪੰਛੀਓ,
ਬਾਗ਼ ਵਿਚ ਨਾ ਫਲ ਨਾ ਫੁੱਲ ਨਾ ਬੂਰ ਹੈ।
ਪੜ੍ਹ ਲਵੋ ਚਿਹਰੇ ਤੋਂ ਮੇਰੇ ਦਿਲ ਦੀ ਗੱਲ,
ਜੀਭ ਕਹਿ ਸਕਦੀ ਨਹੀਂ ਮਜਬੂਰ ਹੈ।
ਉਂਗਲੀ ਜਦ ਮੁੰਦਰੀ ਨੂੰ ਤਾਂਘਦੀ,
ਮਾਂਗ ਸਮਝੋ ਮੰਗਦੀ ਸੰਧੂਰ ਹੈ।
ਮੇਰੇ ਘਰ ਤੋਂ ਤੇਰਾ ਘਰ ਤਾਂ ਦੋ ਕਦਮ
ਤੇਰੇ ਘਰ ਤੋਂ ਮੇਰਾ ਘਰ ਕਿਉਂ ਦੂਰ ਹੈ।
ਮਹਿਲ ਮੰਦਰ ਜਗਮਾਉਂਦੇ ਹੋਣਗੇ,
ਠੱਠੀ ਮੇਰੇ ਪਿੰਡ ਦੀ ਬੇਨੂਰ ਹੈ।
ਜੋ ਸਿਦਕ ਤੋਂ ਵਾਰਦਾ ਸਿਰ ਓਸ ਦੀ
ਜੱਗ ਵਿਚ ਰਹਿੰਦੀ ਮਿਸਾਲ ਮਸ਼ਹੂਰ ਹੈ।