ਇਹ ਪਤੰਗ ਹੈ ਏਸ ਤੇ ਨਾ ਜ਼ੋਰ ਕੁਝ
ਉਲਝਦੀ ਜਾਏ ਹਮੇਸ਼ਾ ਡੋਰ ਕੁਝ।
ਵੇਖਣਾ ਚਾਹੁੰਦਾ ਹਾਂ ਮੈਂ ਤੇ ਹੋਰ ਕੁਝ।
ਜ਼ਿੰਦਗੀ ਜਾਪੇ ਵਿਖਾਂਦੀ ਹੋਰ ਕੁਝ।
ਕਿਸ ਤਰ੍ਹਾਂ ਦਾ ਸ਼ਹਿਰ ਹੈ ਇਹ ਦੋਸਤੋ।
ਸਾਧੂਆਂ ਦੇ ਭੇਸ ਵਿਚ ਨੇ ਚੋਰ ਕੁਝ।
ਕਿਸ ਤਰਫ਼ ਜਾਏ ਪਿਆਸੀ ਇਹ ਨਦੀ,
ਹੈ ਵਹਾਓ ਤੇਜ਼ ਕੰਢੇ ਖ਼ੋਰ ਕੁਝ ।
ਮੈਂ ਉਜਾਲੇ ਵੱਲ ਕਾਹਦਾ ਪਰਤਿਆ,
ਦੂਰ ਹੁੰਦੀ ਜਾ ਰਹੀ ਲਿਸ਼ਕੋਰ ਕੁਝ।
ਬਾਗ ਜਿੱਥੇ ਨਾਗਿਣਾਂ ਦਾ ਵਾਸ ਹੈ,
ਪੈਲ ਪਾਉਂਦੇ ਦਿਸ ਰਹੇ ਨੇ ਮੋਰ ਕੁਝ।
ਕਿਸ ਤਰਫ ਲੈ ਜਾ ਰਹੀ ਹੈ ਜ਼ਿੰਦਗੀ,
ਤੇਜ ਹੁੰਦੀ ਜਾ ਰਹੀ ਹੈ ਤੋਰ ਕੁਝ।