ਇਹ ਪੱਤਝੜ ਦੀ ਤੇਜ਼ ਹਵਾ

ਇਹ ਪੱਤਝੜ ਦੀ ਤੇਜ਼ ਹਵਾ, ਇਹ ਮੌਸਮ ਬੇਇਤਬਾਰੀ ਦਾ। 

ਬਿਨ ਦਸਤਕ ਟੱਪ ਔਣ ਵਰੋਲੇ, ਬੂਹਾ ਚਾਰਦੀਵਾਰੀ ਦਾ। 

ਮੈਂ ਤਾਂ ਆਪਣਾ ਖ਼ੂਨ ਵਹਾ ਕੇ, ਧੋਵਾਂ ਚਿਹਰੇ ਫੁੱਲਾਂ ਦੇ, 

ਮੈਂ ਕੀ ਜਾਣਾਂ, ਬਾਗੀਂ ਲੱਗੀਆਂ,ਨਜ਼ਰਾਂ ਕਿਵੇਂ ਉਤਾਰੀ ਦਾ। 

ਸਿਮ੍ਰਤੀਆਂ ਵਿੱਚ ਜੰਗਲ ਵੱਸਦਾ, ਲੋਕੀਂ ਬਣੇ ਮਸ਼ੀਨਾਂ ਵਾਂਗ, 

ਜਿਓਂ ਪਿੰਜਰੇ ਦਾ ਪੰਛੀ ਕੋਈ, ਸੁਪਨਾ ਲਵੇ ਉਡਾਰੀ ਦਾ। 

ਮੀਂਹ ,ਗਰਦਿਸ਼ ,ਤੂਫ਼ਾਨ ,ਹਨ੍ਹੇਰੀ ਤੇਰੇ ਸਿਰ ਤੋਂ ਲੰਘੇ ਨੇ, 

ਮਿੱਤਰਾ , ਫਿਰ ਵੀ ਝੰਮ ਝੰਮ ਕਰਦਾ, ਰੰਗ ਤੇਰੀ ਫੁਲਕਾਰੀ ਦਾ। 

ਉਹ ਤੇ ਉਸ ਦੇ ਜੰਗਲ ਪਰਬਤ,ਦਿਲ ਦੇ ਅੰਦਰ ਰਹਿੰਦੇ ਨੇ,

ਫ਼ੁਰਸਤ ਦਾ ਹਰ ਪਲ ਪਲ ਅੱਜ ਕੱਲ੍ਹ, ਉਸ ਦੇ ਨਾਲ ਗੁਜ਼ਾਰੀ ਦਾ। 

📝 ਸੋਧ ਲਈ ਭੇਜੋ