ਇਹ ਰੁੱਖ ਸਾਨੂੰ ਕਿੰਨਾ ਕੁੱਝ ਦਿੰਦੇ।
ਕਦੀ ਧੁੱਪ ਦਿੰਦੇ ਤੇ ਕਦੀ ਛਾਵਾਂ ਨੀਂ।
ਆਪਣੀ ਬੁੱਕਲ ਦੇ ਵਿੱਚ ਲੈ ਕੇ,
ਯਾਦ ਕਰਾ ਦਿੰਦੇ ਨੇ ਮਾਵਾਂ ਨੀਂ।
ਇਹ ਕਾਗਜ਼ ਇਹ ਕਲਮ ਵੀ ਬਣਦੇ।
ਇਹ ਪੱਟੀ ਤੇ ਮਲ੍ਹਮ ਵੀ ਬਣਦੇ।
ਜੇ ਸੱਚ ਪੁੱਛੇਂ ਤਾਂ ਹੀ ਦੱਸਾਂ
ਮੈਂ ਸਦਕੇ ਇਨ੍ਹਾਂ ਤੋਂ ਜਾਵਾਂ ਨੀਂ।
ਇਹ ਹਾਸੇ ਤੇ ਖੁਸ਼ੀਆਂ ਵੰਡਦੇ।
ਰੁੱਖ ਵੀ ਬੰਦਿਆਂ ਵਾਂਗੂੰ ਹੰਢਦੇ।
ਲੋਚਦੇ ਬੰਦੇ ਵੇਖੇ ਮੈਂ ਤਾਂ
ਇਨ੍ਹਾਂ ਦਾ ਪਰਛਾਵਾਂ ਨੀਂ।
ਰਾਹਗੀਰਾਂ ਲਈ ਠਹਿਰ ਵੀ ਬਣਦੇ।
ਰੁੱਤਾਂ ਬਦਲਣ ਕਹਿਰ ਵੀ ਬਣਦੇ।
ਕਿੰਨੇ ਪੰਛੀਆਂ ਆਲ੍ਹਣੇ ਪਾਏ
ਚਿੱੜੀਆਂ, ਬਿਜੜੇ, ਕਾਵਾਂ ਨੀਂ।
ਸਵੈਚ ਨੂੰ ਇੱਕੋ ਗੱਲ ਸਮਝਾ ਦੇ।
ਝੂਮਣ ਰੁੱਖਾਂ ਵਾਂਗੂ ਲਾ ਦੇ।
ਉਹਦੇ ਨਾਂ ਦੀ ਚੜ੍ਹੇ ਖ਼ੁਮਾਰੀ
ਉਹਦੇ ਨਾਂ ਦੀਆਂ ਸਾਵਾਂ ਨੀਂ।