ਇਹ ਸਫ਼ਰ ਦੀ ਰੁੱਤ

ਇਹ ਸਫ਼ਰ ਦੀ ਰੁੱਤ ਹੈ ਤਾਂ ਇਕ ਨਵਾਂ ਰਹਬਰ ਮਿਲੇ। 

ਨਿਤ ਨਵੀਂ ਧਰਤੀ ਮਿਲੇ ਤੇ ਨਿਤ ਨਵਾਂ ਅੰਬਰ ਮਿਲੇ।

ਪੱਥਰਾਂ ਤੋਂ ਦੇਵਤਾ ਤੇ ਦੇਵਤਾ ਤੋਂ ਆਦਮੀ, 

ਮੈਂ ਸਜਾਏ ਜਿਸ ਤਰਾਂ ਵੀ ਰਾਹ ਦੇ ਪੱਥਰ ਮਿਲੇ।

ਮੈਂ ਹਮੇਸ਼ਾ ਸਿੰਜਣਾ ਚਾਹੁੰਦਾ ਹਾਂ ਬੂਟੇ ਬਾਗ ਦੇ, 

ਮੈਂ ਤੇ ਤੂੰ ਐ ਦੋਸਤ ਮੇਰੇ ਜਿਸ ਜਗਹ ਅਕਸਰ ਮਿਲੇ।

ਬੋਚ ਲੈਂਦੀ ਹੈ ਹਮੇਸ਼ਾ ਮੌਤ ਕੋਲੋਂ ਜ਼ਿੰਦਗੀ 

ਇਕ ਹੁਲਾਰਾ ਮਿਲਦਿਆਂ ਹੀ ਇਕ ਨਵੀਂ ਠੋਕਰ ਮਿਲੇ।

ਜ਼ਿੰਦਗੀ ਲੋਹਾ ਕਦੀ, ਚਾਂਦੀ ਕਦੀ, ਸੋਨਾ ਕਦੀ, 

ਹਰ ਕਦਮ ਤੇ ਜ਼ਿੰਦਗੀ ਦੇ ਨਿਤ ਨਵੇਂ ਜ਼ੇਵਰ ਮਿਲੇ।

ਕਿਉਂ ਨਾ ਮੈਂ ਨੇਕੀ ਬਦੀ ਦੇ ਸਭ ਸਮੁੰਦਰ ਤਰ ਲਵਾਂ, 

ਕੌਣ ਜਾਵੇ ਕਿਸ ਕਿਨਾਰੇ ਜ਼ਿੰਦਗੀ ਬਿਹਤਰ ਮਿਲੇ,

ਵਧ ਰਹੀ ਤੇਰੀ ਇਨਾਇਤ ਦਾ ਭਰੋਸਾ ਹੋ ਗਿਆ, 

ਦੁਸ਼ਮਣਾਂ ਦੇ ਭੇਸ ਵਿਚ ਵੀ ਨਿੱਤ ਨਵੇਂ ਮਿੱਤਰ ਮਿਲੇ।

📝 ਸੋਧ ਲਈ ਭੇਜੋ