ਇਹ ਤੱਕਿਆ ਏ ਜਿਸ ਦਿਨ ਦੀ ਅੱਖ ਖੋਲੀ ਏ

ਇਹ ਤੱਕਿਆ ਏ ਜਿਸ ਦਿਨ ਦੀ ਅੱਖ ਖੋਲੀ ਏ ।

ਹਰ ਪੰਛੀ ਦੀ ਆਪਣੀ ਆਪਣੀ ਬੋਲੀ ਏ ।

ਵੰਨ-ਸੁਵੰਨੀਆਂ ਗ਼ਮ ਦੀਆਂ ਲੀਰਾਂ ਲੱਭੀਆਂ ਨੇ,

ਜਦ ਵੀ ਪੰਡ ਹਿਆਤੀ ਦੀ ਮੈਂ ਫੋਲੀ ਏ ।

ਦਿਲ ਦਾ ਹਾਲ ਸੁਨਾਣਾ ਚਾਹਿਆ ਤੇ ਲੱਗਿਆ,

ਦੁਨੀਆ ਮੂੰਹੋਂ ਗੁੰਗੀ ਕੰਨੋਂ ਬੋਲੀ ਏ ।

ਸ਼ਹਿਨਾਈਆਂ ਦੀ ਗੂੰਜ ਏ ਨਾਲੇ ਚੀਕਾਂ ਨੇ,

ਵੇਖ ਕਿਸੇ ਦੀ ਮੱਯਤ ਏ ਯਾ ਡੋਲੀ ਏ ।

ਇੰਜ ਲੱਗਦਾ ਏ ਪੜ੍ਹ ਕੇ ਗ਼ਜ਼ਲਾਂ 'ਰਾਜ਼' ਦੀਆਂ,

ਜਿਉਂ ਬੇਲੇ ਵਿਚ ਹਰਨੀਆਂ ਦੀ ਇਕ ਟੋਲੀ ਏ ।

📝 ਸੋਧ ਲਈ ਭੇਜੋ