ਇਹ ਤਨਹਾਈ ਹੈ ਦੋਸਤ

ਇਹ ਤਨਹਾਈ ਹੈ ਦੋਸਤ ਮਿਰੀ ਇਹ ਖ਼ਾਮੋਸ਼ੀ ਹੈ ਯਾਰ ਮਿਰੀ। 

ਦੋ ਚਾਰ ਦਿਨਾਂ ਦੀ ਬਾਤ ਨਹੀਂ ਹੈ ਵਰ੍ਹਿਆਂ ਤੋਂ ਦਿਲਦਾਰ ਮਿਰੀ।

ਵੈਰਾਗ ਦਾ ਪਾਠ ਪੜ੍ਹਾ ਮੈਂਨੂੰ ਕਰ ਦਿੱਤਾ ਦੂਰ ਜ਼ਮਾਨੇ ਤੋਂ, 

ਫਿਰ ਇਸ਼ਕ ਨੇ ਮੇਰੇ ਨਾਂ ਕੀਤੀ ਕੀ ਜਿੱਤ ਮਿਰੀ ਕੀ ਹਾਰ ਮਿਰੀ।

ਇਹ ਭੇਦ ਮਿਰੇ ਤੇ ਜ਼ਾਹਿਰ ਹੈ ਮੈਂ ਇਸਨੂੰ ਖ਼ੂਬ ਸਮਝਦਾ ਹਾਂ, 

ਕਿ ਆਪਣੇ ਆਪ ਨੂੰ ਬਦਲਣ ਦੀ ਹਰ ਕੋਸ਼ਿਸ਼ ਹੈ ਬੇਕਾਰ ਮਿਰੀ।

ਇਹ ਸ਼ਹਿਰ ਤਿਰਾ ਹੈ ਯਾਰ ਮਿਰੇ ਮੈਂ ਇਕ ਆਵਾਰਾ ਪਰਦੇਸੀ, 

ਪਹਿਚਾਨ ਬਣਨਗੇ ਕੀ ਆਖ਼ਿਰ ਇਹ ਗਲੀਆਂ ਇਹ ਬਾਜ਼ਾਰ ਮਿਰੀ।

ਉਹ ਸ਼ਖ਼ਸ ਕਿ ਜਿਸਨੂੰ ਕੁਝ ਫੁਰਸਤ ਮਿਲਦੀ ਹੀ ਨਹੀਂ ਗ਼ਮ ਤੋਂ ਅਪਣੇ, 

ਕਿੱਦਾਂ ਉਹ ਸਮਝੇਗਾ ਮੈਨੂੰ ਕਿੱਦਾਂ ਉਹ ਲਵੇਗਾ ਸਾਰ ਮਿਰੀ।

ਮੈਂ ਅਪਣੇ ਘਰ ਵਿਚ ਬੈਠਾ ਹਾਂ ਫਿਰ ਵੀ ਕੁਝ ਏਦਾਂ ਲਗਦਾ ਹੈ, 

ਜਿੰਦਾਂ ਇਹ ਕਿਸੇ ਦਾ ਘਰ ਹੈ ‘ਸ਼ਸ਼ੀ’ ਦਰ ਹੈ ਨਾ ਕੋਈ ਦੀਵਾਰ ਮਿਰੀ।

📝 ਸੋਧ ਲਈ ਭੇਜੋ