ਐਹ ਤੇਰੇ ਖ਼ਤ ਨੇ

ਐਹ ਤੇਰੇ ਖ਼ਤ ਨੇ ਪਿਆਰੀ

ਇਹ ਤੇਰੀ ਤਸਵੀਰ ਹੈ ! 

ਠੀਕ ਹੈ ਮਨਜ਼ੂਰ ਮੈਨੂੰ 

ਜੋ ਮੇਰੀ ਤਕਦੀਰ ਹੈ।

ਮੰਨਦਾਂ, ਮੇਰਾ ਕੋਈ 

ਤੇਰੀ ਰਜ਼ਾ ਤੇ ਜ਼ੋਰ ਨਹੀਂ

ਗੱਲ ਇਹ ਤੇਰੀ ਵਫ਼ਾ ਦੀ

ਸਿਰਫ਼ ਤੇਰੇ ਨਾਲ ਕਰਦਾਂ

ਜੱਗ ਵਿਚ ਪਾਣਾ ਕਦੀ ਮੈਂ ਸ਼ੋਰ ਨਹੀਂ !

ਇਕ ਵਾਰੀ ਬਦਲੀਆਂ ਨਜ਼ਰਾਂ ਉਠਾ ਕੇ ਵੇਖ ਤਾਂ ਸਹੀ 

ਮੈਂ ਤਾਂ ਉਹੀਓ ਹਾਂ ਅਜੇ ਕੋਈ ਹੋਰ ਨਹੀਂ !

ਕੀ ਹੋਇਆ ਜੋ ਤੋੜ ਲੀਤੇ ਨੇ ਤੂੰ ਸਭ ਕੌਲਾਂ ਦੇ ਫੁਲ 

ਮਾਰ ਕੇ ਪੱਲਾ ਬੁਝਾ ਦਿੱਤੇ ਨੇ ਸਭ ਆਸਾਂ ਦੇ ਦੀਪ 

ਬੀਤ ਚੁੱਕੇ ਵਕਤ ਦੇ ਪਰ ਅੰਬਰਾਂ 'ਤੇ 

ਜੜੇ ਜਾ ਚੁੱਕੇ ਨੇ ਜਿਹੜੇ ਪ੍ਰੀਤ-ਪਲ

ਡਲ੍ਹਕਦੇ ਹੋਏ ਤਾਰਿਆਂ ਨੂੰ ਦਸ ਕਿਵੇਂ ਤੋੜੇਂਗੀ ਤੂੰ ! 

ਸਾਂਭ ਲੈ ਲਿਖੇ ਹੋਏ ਆਪਣੇ ਐਹ ਖ਼ਤ,

ਤਸਵੀਰ ਇਹ !

ਪਰ ਉਨ੍ਹਾਂ ਦਾ ਕੀ ਕਰੇਂਗੀ

ਮੇਰੇ ਦਿਲ ’ਤੇ ਉਕਰੇ ਹੋਏ ਜੋ ਤੇਰੇ ਨਕਸ਼ ਨੇ। 

ਆਪਣੀ ਹਰ ਇਕ ਨਿਸ਼ਾਨੀ ਮੋੜ ਤਾਂ ਸਕਦੀ ਏਂ ਪਰ 

ਵਕਤ ਦਾ ਚਲਿਆ ਹੋਇਆ ਚੱਕਰ ਕਿਥੋਂ ਮੋੜੇਂਗੀ ਤੂੰ !

ਤੇਰੇ ਇਕ ਇਕ ਅੰਗ ਉੱਤੇ

ਹੈ ਮੇਰੇ ਜਜ਼ਬੇ ਦੀ ਛਾਪ ।

ਲੱਖ ਤੂੰ ਸੱਜਰੇ ਪਿਆਰਾਂ ਦੀ ਕਿਤੇ ਸੌਂਹ ਖਾ ਲਈ, 

ਤੇਰੇ ਹੋਠਾਂ 'ਚੋਂ ਨਹੀਂ ਜਾਣਾ ਮੇਰੇ ਹੋਠਾਂ ਦਾ ਰੱਸ ।

ਹਰ ਮਹਿਕਦੀ ਪੌਣ ਦੇ ਖੰਭਾਂ ਤੇ ਉੱਡ ਕੇ 

ਆਏਗਾ ਮੇਰਾ ਖ਼ਿਆਲ।

ਯਾਦ ਹੈ ਉਹ ਰਾਤ ਜਦ

ਬਾਰੀ ਥਾਣੀ ਲੰਘ ਕੇ ਸ਼ਰਮਾ ਰਹੀ ਸੀ 

ਫਰਸ਼ ਤੇ ਲੇਟੀ ਹੋਈ ਚੰਨ-ਚਾਨਣੀ?

ਮੇਰਾ ਸਿਰ ਗਲਵੱਕੜੀ ਵਿਚ ਘੁੱਟ ਕੇ ਤੂੰ ਸੀ ਕਿਹਾ, 

“ਕਾਸ਼ ! ਹੋ ਜਾਏ ਉਮਰ ਨਾਲੋਂ ਵੀ ਲੰਮੀ ਰਾਤ ਇਹ।” 

ਜ਼ਿੰਦਗੀ 'ਚੋਂ ਕਿੰਜ ਕੱਢ ਦੇਵੇਂਗੀ ਤੂੰ ਉਸ ਰਾਤ ਨੂੰ?”

ਕਦੀ ਤਾਂ ਝਾਕੇਗੀ ਬਾਰੀ ਵਿਚ ਦੀ ਚੰਨ-ਚਾਨਣੀ। 

ਯਾਦ ਕਰ ਕਰ ਪਤਾ ਨਹੀਂ

ਹੱਸੇਂਗੀ ਯਾ ਰੋਇਆ ਕਰੇਂਗੀ !

ਮੋੜ ਲੈ ਖ਼ਤ

ਮੋੜ ਲੈ ਤਸਵੀਰ ਬੇਸ਼ੱਕ

ਮੈਂ ਤਾਂ ਇਹ ਪੁੱਛਦਾ ਹਾਂ ਪਿਆਰੀ 

ਕਿੰਜ ਹੋ ਚੁੱਕੇ ਨੂੰ ਅਣਹੋਇਆ ਕਰੇਂਗੀ?

📝 ਸੋਧ ਲਈ ਭੇਜੋ