ਇਹ ਵੀ ਕੋਈ ਜਿਉਂਣਾ ਹੈ

ਮੈਂ ਓਦਣ ਦੂਰ ਸਾਂ ਜਰਾ

ਜਿੱਥੇ ਉਹ ਬਸਤੀ ਢਾਉਣ 

ਆਏ ਹੋਏ ਸਨ

ਪਹਿਲਾਂ ਬੁਲਡੋਜ਼ਰ ਮੂਹਰੇ ਵਿਛਿਆ ਰੋਕਣ ਲਈ

ਫਿਰ ਪਿਛਾਂਹ ਨੂੰ 

ਬੁਲਡੋਜ਼ਰ ਧੱਕਦਾ ਰਿਹਾ ਇਕੱਲਾ

ਕਿਸੇ ਨੇ ਸ਼ੋਰ ਪਾਇਆ

ਪਿੰਡ ਕੋਈ ਆਪ ਨਾੜ ਨੂੰ ਅੱਗ ਲਾ

ਬੱਸ ਚ ਚੜ੍ਹ ਗਿਆ ਹੈ

ਮੁਫ਼ਤ ਧਾਰਮਿਕ ਸਥਾਨਾਂ ਦੀ 

ਯਾਤਰਾ ਕਰਨ

ਆਪਣੇ ਕੁਕਰਮਾਂ ਨੂੰ ਬਖਸ਼ਾਉਣ

ਅੱਗ ਏਨੀ ਤੇਜ਼ ਸੀ 

ਕਿ ਅੱਗੇ ਵਧਦੀ ਹੀ ਜਾ ਰਹੀ ਸੀ

ਆਪਣੇ ਬਿਗਾਨੇ 

ਭੁੱਲ ਬੈਠੀ ਸੀ

ਜਿਵੇਂ ਅੱਗ ਦਾ ਸੁਭਾਅ ਹੁੰਦਾ ਹੈ

ਅਸੀਂ ਕਈ ਜਣੇ ਸਾਂ

ਅੱਗ ਨਾਲ ਯੁੱਧ ਕਰ ਰਹੇ ਸਾਂ 

ਪਰ ਅੱਗ ਕਹਿੰਦੀ

ਮੈਂ ਅੱਗ ਹਾਂ

ਮੈਨੂੰ ਕਿਵੇਂ ਬੁੱਝਾ ਲਓਗੇ

ਮੈਂ ਤਾਂ ਰਾਖ਼ ਕਰ ਦਿੰਨੀ ਆਂ

ਸਭ ਕੁੱਝ ਘੜੀਆਂ ਪਲਾਂ 'ਚ

ਜੋ ਰਾਹ 'ਚ ਆਵੇ 

ਤੇਜ਼ ਹਵਾ ਵੀ ਕੁਲੱਛਣੀ

ਓਹਦੇ ਨਾਲ ਹੋ ਟੁਰੀ

ਫੇਰ ਕੀ ਸੀ

ਅਸੀਂ ਅੱਗ ਬੁਝਾਉਂਦੇ ਰਹੇ

ਉਹ ਸਾੜਦੀ ਰਹੀ

ਜੋ ਕੁਝ ਵੀ ਅੱਗੇ ਆਉਂਦਾ ਸੀ

ਰੁੱਖ ਪੰਛੀ ਆਂਡੇ

ਖ਼ਬਰੇ ਹੋਰ ਕੀ ਕੀ

ਪਹਿਲਾਂ ਕੁੱਝ ਬੱਚੇ ਬਚਾਏ 

ਆਂਡਿਆਂ ਚੋਂ ਬਾਹਰ ਝਾਕ ਰਹੇ ਸਨ

ਰੁੱਖਾਂ ਦੀਆਂ ਟਾਹਣੀਆਂ 

ਪੱਤੇ ਫੁੱਲ ਕਈ ਬਚਾਏ

ਅੱਧੇ ਝੁਲਸ ਗਏ ਸਨ

ਅੱਗ ਤੇਜ਼ ਹਵਾ ਨਾਲ ਵਧ ਗਈ

ਤੇ ਨੇੜੇ ਝੋਪੜੀਆਂ ਨੂੰ ਜਾ ਲੱਗੀ ਸੀ

ਕਿਸੇ ਨੇ ਰੌਲਾ ਪਾਇਆ

ਅਸੀਂ ਦੂਸਰੇ ਪਾਸੇ ਸੀਗੇ

ਧੂੰਏਂ ਤੇ ਬਲਦੀਆਂ ਲਾਟਾਂ ਨਾਲ ਜੰਗ ਲੜਦੇ

ਮੈਨੂੰ ਤਾਂ ਅੰਨੀਂ ਲੜਾਈ ਲੜਦੇ ਨੂੰ

ਇਹ ਵੀ ਨਾ ਪਤਾ ਲੱਗਾ

ਮੇਰੀਏ ਬੱਚੜੀਏ !

ਕਿ ਤੂੰ ਦੂਸਰੇ ਪਾਸੇ 

ਮੇਰੇ ਤੋਂ ਵੱਡੀ ਜੰਗ

ਇਕੱਲੀ ਲੜ੍ਹ ਰਹੀਂ ਏਂ

ਮਾਂ ਬਾਪ ਦੇ 

ਮਿਹਨਤ ਪਸੀਨੇ ਨਾਲ ਬਣਾਏ

ਕੱਪੜੇ ਸਮਾਨ ਨੂੰ 

ਗੁੱਡੀਆਂ ਪਟੋਲਿਆਂ 

ਤੇ ਖਿਡੌਣਿਆਂ ਨੂੰ ਬਚਾਉਂਦੀ

ਮੰਜ਼ੇ ਨੂੰ ਤਾਂ ਤੂੰ ਅੰਤਿਮ ਸਾਹਾਂ ਤੀਕ

ਬਾਂਹਾਂ ਚ ਫੜ੍ਹ ਕੇ ਰੱਖਿਆ 

ਜਿਥੇ ਥੱਕੇ ਬਾਪ ਨੇ ਦਿਨ ਦਾ ਥਕੇਵਾਂ

ਆ ਕੇ ਵਿਛਾਉਣਾ ਸੀ

ਤੇ ਝੁਲਸੀ ਗਈ ਸਾਰੀ ਦੀ ਸਾਰੀ

ਲੜਦੀ ਲੜਦੀ

ਮੈਂ ਹੀ ਜਾਣਦਾ ਮੇਰੀਏ ਬੱਚੀਏ

ਤੇਰੀਆਂ ਚੀਕਾਂ ਕੁਰਲਾਹਟਾਂ ਵਿਚ ਕੀ

ਹੋਵੇਗਾ ਓਸ ਵੇਲੇ

ਜਦੋਂ ਤੂੰ ਸੰਘਰਸ਼ ਕਰ ਰਹੀ ਸੀ

ਇਹ ਕੀ ਜਾਨਣ ਦਰਿੰਦੇ

ਤਮਾਸ਼ਬੀਨ ਦੂਰ ਖੜ੍ਹੇ ਦੇਖਦੇ ਰਹੇ

ਵੀਡੀਓ ਬਣਾਉਣ 

ਤੇ ਫ਼ੋਟੋ ਖਿੱਚਣ ਜੋਗੇ

ਵਿਰਲਾ ਹੀ ਕੋਈ ਅੱਗੇ ਬਹੁੜਿਆ

ਤੇ ਮੈਂ ਵੀ 

ਤੇਰੀ ਲਾਸ਼ ਦੇ ਕੋਲ 

ਹਾਰਿਆ ਹੋਇਆ ਬੇਬਸ

ਖ਼ਬਰੇ ਕਿੰਨਾ ਚਿਰ 

ਦੁਹੱਥੜਾਂ ਮਾਰ ਮਾਰ ਰੋਂਦਾ ਰਿਹਾ

ਸੋਚਦਾ ਹਾਂ

ਮੈਂ ਤੈਨੂੰ 

ਪਹਿਲਾਂ ਬਚਾਉਣ ਕਿਉਂ ਨਾ ਆਇਆ

ਪੰਛੀਆਂ ਆਂਡਿਆਂ ਰੁੱਖਾਂ ਨੂੰ ਛੱਡ ਕੇ

ਆਪਣੇ ਮਾਂ ਬਾਪ ਦੀਏ ਲਾਡੋ!

ਕੀ ਦੱਸਾਂ ਤੈਨੂੰ

ਮੈਂ ਕਿੰਨਾ ਡਰਪੋਕ ਨਿਕਲਿਆ

ਤੇਰੇ ਹੌਸਲੇ ਦੇ ਸਾਹਮਣੇ 

ਹੁਣ ਡੁਸਕ ਰਿਹਾ ਹਾਂ ਇਕੱਲਾ 

ਸੜੀਆਂ ਝੌਂਪੜੀਆਂ ਦੇ ਕੋਲ ਬੈਠਾ 

ਜਿੱਥੇ ਇਨਸਾਨੀਅਤ ਕਿਤੇ ਨਹੀਂ ਦਿਸ ਰਹੀ ਦੂਰ ਦੂਰ ਤੱਕ

ਓਹਨਾਂ ਪਲਾਂ ਨੂੰ ਯਾਦ ਕਰਦਾ

ਕਿ ਤੇਰੀ ਹਿੰਮਤ ਤੇ ਬੁਲੰਦ ਹੌਂਸਲੇ ਨਾਲ 

ਮਰ ਕਿਉਂ ਨਾ ਗਿਆ

ਹੁਣ ਵੀ ਕਿਹੜਾ ਜਿਉਂਦਾ 

ਫਿਰ ਰਿਹਾ ਹਾਂ

ਇਹ ਵੀ ਕੋਈ ਜਿਉਂਣਾ ਹੈ

ਤੇਰੀ ਹਿੰਮਤ ਨੇ ਮੈਨੂੰ ਯੁੱਧ ਸਿਖਾਇਆ ਹੈ

ਮੈਂ ਹੁਣ 

ਇਹਨਾਂ ਦਰਿੰਦਿਆਂ ਜ਼ਾਲਮਾਂ ਨਾਲ

ਲੋਹਾ ਲਵਾਂਗਾ

ਤੇ ਦੱਸਾਂਗਾ ਇਹਨਾਂ ਨੂੰ

ਕਿ ਜਲਦੇ ਗੁੱਡੀਆਂ ਪਟੋਲਿਆਂ 

ਤੇ ਰੂਹਾਂ ਦੀ ਆਵਾਜ਼ ਚ ਕੀ ਛੁਪਿਆ ਹੁੰਦਾ ਹੈ

ਤਾਂ ਕਿ ਤੇਰੀ ਰੂਹ ਨੂੰ ਜ਼ਰਾ ਅਰਾਮ ਮਿਲੇ 

ਮੁਆਫ਼ ਕਰੀਂ ਮੇਰੇ ਸੋਹਣੇ ਪੁੱਤਰਾ

📝 ਸੋਧ ਲਈ ਭੇਜੋ