ਇਹ ਜ਼ਿੰਦਗੀ ਤਾਂ ਬਾਲ਼ਦੀ ਹੈ ਨਿਤ

ਇਹ ਜ਼ਿੰਦਗੀ ਤਾਂ ਬਾਲ਼ਦੀ ਹੈ ਨਿਤ ਨਵੇਂ ਚਿਰਾਗ।

ਨ੍ਹੇਰਾ ਹੈ ਕਿਥੋਂ ਆ ਰਿਹਾ, ਲੱਭਦਾ ਨਹੀਂ ਸੁਰਾਗ।

ਹਾਲੇ ਕਿਸੇ ਮੁਕਾਮ 'ਤੇ, ਪੁੱਜੇ ਨਾ ਤੇਰੇ ਪੈਰ,

ਮੰਜ਼ਿਲ ਬੜੀ ਹੈ ਦੂਰ, ਤੂੰ ਘੋੜੇ ਦੀ ਖਿੱਚ ਵਾਗ।

ਇਸ ਵੰਝਲੀ ਨੂੰ ਸੁੱਟਦੇ, ਹੁਣ ਤੂੰ ਝਨਾਂ ’ਚ ਯਾਰ,

ਕਿੱਥੇ ਹਵਾ ਦੀ ਧੁਨ ਨਵੀਂ, ਕਿੱਥੇ ਪੁਰਾਣਾ ਰਾਗ।

ਗਲੀਆਂ-ਮੁਹੱਲੇ ਢੋਲਚੀ, ਪਿਟਦਾ ਸੀ ਨਿੱਤ ਢੋਲ,

ਕਿੰਨਾ! ਜਗਾਇਆ ਸ਼ਹਿਰ ਨੂੰ ਖੁੱਲ੍ਹੀ ਨਾ ਉਸਦੀ ਜਾਗ।

ਝੋਲੀ ’ਚ ਤੇਰੇ ਫੁੱਲ ਨੇ, ਦਾਮਨ ’ਚ ਮੇਰੇ ਖ਼ਾਰ,

ਤੇਰੇ ਨਸੀਬ ਆਪਣੇ, ਮੇਰੇ ਨੇ ਮੇਰੇ ਭਾਗ।

ਧੋਂਦੀ ਰਹੀ ਸੂਰਜ ਦੀ ਧੁੱਪ ਵੀ, ਰੋਜ਼ ਉਸ ਦਾ ਮੂੰਹ,

ਸਾਰੀ ਉਮਰ ਨਾ ਲੱਥਿਆ, ਮੱਥੇ ਤੋਂ ਚੰਨ ਦੇ ਦਾਗ਼।

ਹੁਣ ਤੂੰ ਚੁਰਾਹੇ ਵਿਚ ਖੜ੍ਹੀ ਕਿਸ ਨੂੰ! ਰਹੀ ਉਡੀਕ,

ਲਾਗੀ ਤਾਂ ਸਾਰੇ ਤੁਰ ਗਏ ਨੇ, ਲੈ ਕੇ ਆਪਣਾ ਲਾਗ।

📝 ਸੋਧ ਲਈ ਭੇਜੋ