ਇਹਦੇ ਆਲ-ਦੁਆਲੇ ਲੱਗੀਆਂ

ਇਹਦੇ ਆਲ-ਦੁਆਲੇ ਲੱਗੀਆਂ ਬੋਰਾਂ ਨੇ ।

ਨਹੀਂ ਤੇ ਦੇਸ 'ਚ ਦੱਸੋ ਕਾਹਦੀਆਂ ਥੋੜਾਂ ਨੇ ।

ਲੂੰ ਲੂੰ ਮੇਰਾ ਪੀੜਾਂ ਦੇ ਨਾਲ ਭਰਿਆ ਏ,

ਮੇਰੀ ਅੱਖ ਵਿਚ ਅੱਥਰੂ ਲੱਖ ਕਰੋੜਾਂ ਨੇ ।

ਸਮਝ ਨਾ ਆਈ ਸੜਕਾਂ ਸਿੱਧਮ-ਸਿੱਧੀਆਂ ਸੀ,

ਪਰ ਕਿਉਂ ਲੋਕਾਂ ਵਿੰਗੀਆਂ ਕੀਤੀਆਂ ਟੋਰਾਂ ਨੇ ।

ਸ਼ਹਿਰ ਮੇਰੇ ਚੋਂ ਤੂੰ ਕੀ ਗੰਦ ਮੁਕਾਉਣਾ ਏ,

ਇਹ ਤੇ ਐਵੇਂ ਸੁੱਕੀਆਂ ਤੇਰੀਆਂ ਫੋੜਾਂ ਨੇ ।

ਅਸਮਾਨਾਂ ਵਲ ਐਵੇਂ ਥੁੱਕੀ ਜਾਨਾਂ ਏਂ,

ਦੱਸ ਖ਼ਾਂ ਲੱਗੀਆਂ ਤੈਨੂੰ ਕਿਹੜੀਆਂ ਜੋੜਾਂ ਨੇ ।

ਜੇ ਤੂੰ ਆਪਣੀ ਗੱਲ ਦੇ ਉੱਤੇ ਸੱਚਾ ਏਂ,

ਦੱਸ ਫੇਰ ਤੈਨੂੰ ਲੱਗਦੀਆਂ ਕਾਹਨੂੰ ਕੌੜਾਂ ਨੇ ।

ਹੁਣ ਤੂੰ ਆਪਣੀ ਮਨ ਮਰਜ਼ੀ ਨਹੀਂ ਕਰ ਸਕਦਾ,

ਹੁਣ 'ਅਰਸ਼ਦ' ਦੇ ਹੱਥ ਵਿਚ ਤੇਰੀਆਂ ਡੋਰਾਂ ਨੇ ।

📝 ਸੋਧ ਲਈ ਭੇਜੋ