ਇਨ੍ਹਾਂ ਦਿਨਾਂ ਵਿਚ
ਇਨ੍ਹਾਂ ਉਧਲੇ ਹੋਏ
ਉਲਝੇ ਹੋਏ ਦਿਨਾਂ ਵਿਚ
ਤੁਸੀਂ ਭਲਾ ਕੀ ਸੋਚਦੇ ਹੋ
ਕੀ ਉਲਝੇ ਹੋਏ ਦਿਨਾਂ ਵਿਚ
ਕੋਈ ਕੁਝ ਸੋਚ ਵੀ ਸਕਦਾ ਹੈ
ਤੁਸੀਂ ਸੋਚਦੇ ਹੋਵੋਗੇ
ਕਿੰਨੇ ਹੀ ਪ੍ਰਸ਼ਨ
ਉਲਝੀ ਹੋਈ ਸੋਚ ਕੋਲ
ਪ੍ਰਸ਼ਨ ਹੀ ਤਾਂ ਹੁੰਦੇ ਨੇ
ਤੁਸੀਂ ਸੋਚਦੇ ਹੋਵੋਗੇ
ਦਿਨ ਏਨੇ ਉਲਝੇ ਹੋਏ ਕਿਉਂ ਨੇ
ਕੀ ਹੋ ਗਿਆ ਹੈ ਮੌਸਮ ਨੂੰ ਅਚਾਨਕ
ਇਹ ਕਰਫਿਊ ਜਿਹਾ ਹੁੰਮਸ
ਇਹ ਅਫ਼ਵਾਹਾਂ ਜਿਹੇ ਬੱਦਲ
ਕਿਉਂ ਡਿੱਗਣ ਲੱਗੀਆਂ ਨੇ
ਆਕਾਸ਼ ਤੋਂ ਝੂਠੀਆਂ ਕਣੀਆਂ
ਹਰਿਆਵਲ ਦੇ ਸੁਹਲ ਪਿੰਡੇ ‘ਤੇ
ਏਨੇ ਜ਼ਖ਼ਮ ਕੀਹਨੇ ਲਾਏ ਨੇ
ਕਾਤਲਾਂ ਦਾ ਸਫ਼ਾਇਆ ਹੋਣ ‘ਤੇ ਵੀ
ਕਤਲ ਕਿਉਂ ਮੁੱਕੇ ਨਹੀਂ
ਥਾਂ ਥਾਂ ਦੇਹਾਂ ਦੇ ਢੇਰ ਕਿਉਂ ਨੇ
ਇਨ੍ਹਾਂ ਉੱਪਰ ਟਿਕੀਆਂ ਕੁਰਸੀਆਂ
ਕੀ ਸੱਚਮੁੱਚ ਸਥਾਈ ਨੇ
ਇਤਿਹਾਸ ਦਾ ਤਾਣਾ ਪੇਟਾ
ਏਨਾ ਕਿਉਂ ਉਲਝ ਗਿਆ
ਮਨ ਏਨੇ ਕਿਉਂ ਉਲਝ ਗਏ
ਸੋਚ ਏਨੀ ਕਿਉਂ ਉਲਝ ਗਈ
ਇਨ੍ਹਾਂ ਦਿਨਾਂ ਵਿੱਚ
ਇਨ੍ਹਾਂ ਉਲਝੇ ਹੋਏ ਦਿਨਾਂ ਵਿਚ।