ਈਦ ਦਿਹਾੜੇ ਅੱਲਾਹ ਨੂੰ ਉਲਾਂਭਾ

ਕਈ ਤਾਂ ਈਦਾਂ ਰੋਜ਼ ਮਨਾਵਣ ਕਈਆਂ ਰੋਜ਼ ਹੀ ਰੋਜ਼ੇ

ਅੱਲਾਹ ਤੇਰੇ ਕਰਮ ਫ਼ਜ਼ਲ ਵਿੱਚ ਦੱਸ ਕਿਓਂ ਏਦਾਂ ਹੋ ਜੇ

ਤੂੰ ਤੇ ਆਂਹਦੇ ਇੱਕ ਹੈਂ ਤੇਰੀ ਖ਼ਲਕਤ ਸਾਰੀ ਸਾਂਝੀ

ਫਿਰ ਕਿਓਂ ਕਿਸੇ ਨੂੰ ਸ਼ੀਰਾਂ-ਖ਼ੁਰਮੇ* ਕੋਈ ਰੋਟੀਓਂ ਵਾਂਝੀ

ਕਾਹਦੀ ਈਦ ਦਿਵਾਲ਼ੀ ਸਾਡੀ ਬਾਲ ਵਿਲਕਦੇ ਭੁੱਖੇ

ਫੁੱਟਪਾਥਾਂ ਦੇ ਪਲੰਘ ਬਣਾ ਕੇ ਭੁੱਖਣ ਭਾਣੇ ਸੁੱਤੇ

ਕਿਓਂ ਜ਼ਕਾਤ** ਖ਼ੈਰਾਤ ਬਣਾਈ ਕਿਉਂ ਉੱਚੇ ਕਿਉਂ ਨੀਵੇਂ

ਜਾਂ ਤੂੰ ਆਪ ਹੀ ਚਾਹੁੰਨੈ ਦੁਨੀਆ ਦੋ ਧੜਿਆਂ ਵਿੱਚ ਜੀਵੇਂ

ਜਦ ਖ਼ੈਰਾਤ ਜ਼ਕਾਤ ਵੰਡ ਕੇ ਮੁੜਦੇ ਸਰਦੇ ਪੁੱਜਦੇ

ਕਿਉਂ ਲਗਦਾ ਔਕਾਤ ਅਸਾਡੀ ਸਾਨੂੰ ਦੱਸ ਕੇ ਤੁਰਗੇ

ਗ਼ੁਰਬਤ ਨਾਲੋਂ ਦੋਜ਼ਖ਼ ਵੱਡਾ ਹੋਰ ਭਲਾ ਕੀ ਹੋਣਾ

ਜੂਠਾਂ ਖਾ ਖਾ ਜੀਣਾ ਤੇ ਅਕਾਸ਼ ਤਾਣ ਕੇ ਸੌਣਾ

ਜਾਂ ਬੇਦਾਵਾ ਦੇ ਦੇ ਸਾਨੂੰ ਅਸੀਂ ਨਾ ਤੇਰੇ ਬਾਲ

ਜਾਂ ਫਿਰ ਇੱਕ ਬਰਾਬਰ ਕਰਕੇ ਇੱਕੋ ਵਾਂਗੂੰ ਪਾਲ਼

-------------------------------

*ਈਦ ਤੇ ਬਣਾਇਆ ਜਾਣ ਵਾਲ਼ਾ ਸੇਵੀਆਂ ਦਾ

ਵਿਸ਼ੇਸ਼ ਪਕਵਾਨ । 

📝 ਸੋਧ ਲਈ ਭੇਜੋ