ਸਜ ਚੜ੍ਹਣਾ ਅਜੇ ਈਮਾਨ ਮਿਰਾ,
ਇਹ ਰੋਹ ਤਾਂ ਅਜੇ ਮਿਆਨ ਮਿਰਾ।
ਇਸ ਹਰਫ਼ 'ਚ ਤੜਫੇ ਜਾਨ ਕੋਈ,
ਮਿਰੀ ਤਲੀਆਂ ਹੇਠ ਅਜ਼ਾਨ ਕੋਈ,
ਨ ਦਿਸਦਾ ਸ਼ਹਿਰ ਮਕਾਨ ਕੋਈ,
ਤੱਕ ਖ਼ਾਨਗਾਹਾਂ ਤੇ ਮੇਲੇ ਸੈ
ਰਣ ਖੇਡੇ ਸ਼ੌਕ ਨਾਦਾਨ ਮਿਰਾ—
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਕਿਸੇ ਤੰਦ ਬਾਰੀਕ ਦਾ ਝਉਲਾ ਹੈ
ਕੁਝ ਹੈ ਜਾਂ ਨਹੀਂ ਦਾ ਰੌਲਾ ਹੈ
ਇਹ ਰਾਹ ਦੁਸ਼ਵਾਰ ਜਾਂ ਹੌਲਾ ਹੈ,
ਜਾਂ ਹੁਕਮ ਮਿਰੇ ਦਾ ਪਹਿਰ ਅਜੇ
ਜਾਂ ਹੋਇਆ ਸ਼ਹਿਰ ਵੀਰਾਨ ਮਿਰਾ,
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਵਿਕਰਾਲ ਸਭਾ ਦੇ ਦਰ ਕੁੱਤਾ
ਬੇ-ਮੁੱਖ, ਬੇ-ਦੀਨ ਜਾਂ ਬੇ-ਰੁੱਤਾ,
ਜਾਂ ਤੇਗ ਦੀ ਧਾਰ 'ਚ ਮੈਂ ਸੁੱਤਾ,
ਹੈ ਸ਼ਕਲ ਪਾਸ਼ਵੀ ਨੂਰੀ ਜਾਂ
ਤਨ ਸਾਬਤ ਸੂਰ ਸਮਾਨ ਮਿਰਾ—
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਜਾਂ ਆਇਆ ਸਿਖਰ ਫ਼ਕੀਰੀ ਹੈ...
ਜਾਂ ਕੁਝ ਨਹੀਂ ਵਿਚ ਅਮੀਰੀ ਹੈ...
ਜਾਂ ਇਹ ਕਲਬੂਤ ਅਖ਼ੀਰੀ ਹੈ...
ਮੈਨੂੰ ਰਾਹ ਅਵੱਲਿਉਂ ਮੋੜਨ ਲਈ
ਧਾਹ ਚੜ੍ਹਿਆ ਲਸ਼ਕਰ ਜਾਣ ਮਿਰਾ—
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਦੱਸ, ਰੁਤਬਾ ਰੂਹ ਦਾ ਨੂਰ ਹਈ ?
ਦੱਸ, ਬੁੱਤ ਮੈਂਡਾ ਮਨਜ਼ੂਰ ਹਈ ?
ਜਾਂ ਬਾਕੀ ਅਜੇ ਕਸੂਰ ਹਈ ?
ਜਾਂ ਰਾਸ ਫ਼ਕੀਰੀ ਨਹੀਂ ਆਈ
ਇਸ ਪਰਦੇ ਬਾਹਰ ਨ ਹਾਣ ਮਿਰਾ ?
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਬੇਕਿਰਕ ਕੌਲ ਵਿਚ ਜਾਨ ਫਿਰੇ
‘ਕੁਝ ਨਹੀਂ' ਵਿਚ ਸੁੱਕ ਜ਼ਬਾਨ ਫਿਰੇ
‘ਕੁਝ ਹੈ' ਵਿਚ ਥੱਕ ਈਮਾਨ ਫਿਰੇ
ਜਾਂ ਮਿਹਰ ਗੁਰਾਂ ਦੀ ਸਾਡੇ 'ਤੇ
ਜਾਂ ਹੋਣਾ ਅਜੇ ਬਿਆਨ ਮਿਰਾ—
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਮੈਂ ਕਿਰਤ ਕਰਾਂ ਜਾਂ ਸਿਹਰ ਕਰਾਂ
ਜਾਂ ਤਕੀਏ ਬੈਠਾ ਮਿਹਰ ਕਰਾਂ
ਜਾਂ ਭੈਅ ਵਿਚ ਉੱਚੀ ਭਿਹਰ ਕਰਾਂ,
ਕੋਈ ਲਾ-ਮਕਾਨੀ ਬਾਕੀ ਹੈ
ਜੋ ਚੁੱਕਦਾਂ ਕਦਮ ਭਿਆਨ ਮਿਰਾ—
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਧਰ-ਨਾਭ ਦੀ ਖ਼ਾਕ, ਮਨੂਰ ਵੀ ਹੈ।
ਕੋਈ ਬਾਂਝ ਇਕੱਲ, ਫਤੂਰ ਵੀ ਹੈ।
ਬੇ-ਨੇਮ ਤੇਗ, ਦਸਤੂਰ ਵੀ ਹੈ।
ਇਹ ਇਕ ਵਜੂਦ ਦੀ ਕੈਦ ਨਹੀਂ
ਰਾਹ ਤੋੜ ਅਸੰਖਾਂ ਜਾਣ ਮਿਰਾ-
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਕਿਤੇ ਡਿੱਗੇ ਖੰਭ, ਤੇ ਵਾਗ ਕਿਤੇ
ਸੌਂ ਗਏ ਮੁਸਾਫ਼ਰ, ਜਾਗ ਕਿਤੇ
ਬੇ-ਅੰਤ ਚਿਰਾਂ ਦੀ ਨਾਭ ਕਿਤੇ,
ਮੈਂ ਮਸਤਕ ਹੁਕਮ-ਅਦੂਲੀ ਹੈ
ਜਾਂ ਅਦਲੋਂ ਪਰੇ ਜਹਾਨ ਮਿਰਾ—
ਸਜ ਚੜ੍ਹਣਾ ਅਜੇ ਈਮਾਨ ਮਿਰਾ।
‘ਕੁਝ ਨਹੀਂ’ ਹੀ ਅੱਜ ਨਿਗਾਹ ਹੋਇਆ,
ਵਿਚ ਵਾਲ ਕੱਠਾ ਦਰਿਆ ਹੋਇਆ,
ਲੱਖ ਪੁਰੀਆਂ ਟੁੱਟ ਇਕ ਸਾਹ ਹੋਇਆ,
ਕਿਤੇ ਗੁੰਮ-ਹਨ੍ਹੇਰ 'ਚ ਖੰਭ ਕਿਰੇ
ਕੋਈ ਹੁਣ ਵੀ ਕਰੇ ਗੁਮਾਨ ਮਿਰਾ—
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਵਿਚ ਅੱਖਰਾਂ 'ਵਾਜ ਸਮੁੰਦ ਹੋਈ
ਚੜ੍ਹ ਅਨਲਹੱਕ 'ਤੇ ਤੁੰਦ ਹੋਈ
ਕਦੇ ਜਾ ਮਨਸੂਰ ਦਾ ਘੁੰਡ ਹੋਈ,
ਹੋ ਜ਼ਾਮਨ ਮਿਰੇ ਜੱਲਾਦ ਖੜੇ
ਜਦ ਤੇਗ ਖੜੀ ਫ਼ੁਰਮਾਨ ਮਿਰਾ—
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਹਾਂ, ਵਾਲ ਉੱਤੇ ਮਨਸੂਰ ਖੜਾ,
ਕੋਈ ਪੁਰਸਲਾਤ 'ਤੇ ਪੂਰ ਖੜਾ
ਕਿਤੇ ਨਾਭ ਪਤਾਲ ਤੋਂ ਦੂਰ ਖੜਾ,
ਅੱਜ ਦੂਰ ਅਗੰਮ ਤੋਂ ਹੇਕ ਕੋਈ
ਪਈ ਰੁਮਕੇ, ਕੰਬਦਾ ਵਾਣ ਮਿਰਾ—
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਹਾਂ, ਬਾਤ ਲਿਖੀ ਇਕ ਮੇਟ ਲਈ,
ਸੱਜ ਚੜ੍ਹਿਆ ਲਸ਼ਕਰ, ਭੇਟ ਲਈ !
ਇਕ ਅੱਖਰ ਜਾਨ ਲਪੇਟ ਲਈ,
ਸੁਣ ਰੁੰਗ ਢੋਲ ਦੀ ਹੌਲ ਪਵੇ
ਕੰਨ ਕੀੜੀ ਧਮਕੇ ਤਾਣ ਮਿਰਾ—
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਨੈਂ ਵਾਂਗਰ ਦੂਰ ਘੰਗੋਰਾਂ ਨੇ
ਵਿਚ ਪੁਰਸਲਾਤ ਦੀਆਂ ਡੋਰਾਂ ਨੇ,
ਕਿਤੇ ਹੇਕ ਸੁਣੇ ਕਿਤੇ ਗੋਰਾਂ ਨੇ,
ਇਹ ਸ਼ਾਮ ਆਖ਼ਰੀ ਹੂੰਗਰ ਦੀ
ਤੱਕ ਜ਼ਖ਼ਮ ਮਿਰਾ, ਅਹਿਸਾਨ ਮਿਰਾ !
ਸਜ ਚੜ੍ਹਣਾ ਅਜੇ ਈਮਾਨ ਮਿਰਾ !
ਕਿਸ ਜ਼ਾਮਨ ਖੇਡ ਖਿਡਾਈ ਨੇ ?
ਚੁੱਪ ਪੁਰਸਲਾਤ ਦੇ ਰਾਹੀ ਨੇ !
ਇਕ ਪੱਤ ਨੇ ਪਲਕ ਉਠਾਈ ਨੇ,
ਚੁੱਪ ਰਾਹ ਗੁਜਰਾਤ ਦੇ ਵੱਸਦੀ ਹੈ
ਪਿਆ ਰੋਂਦਾ, ਕੌਲ ਹੈਰਾਨ ਮਿਰਾ—
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਤੰਦ ਟੁੱਟੀ ਹੈ, ਕੁਰਲਾਟ ਅਜੇ !
ਗੱਲ ਮੁੱਕੀ, ਉਸ ਦੀ ਵਾਟ ਅਜੇ !
ਜੋ ਰਿਹਾ ਨਾਂਹ, ਉਸਦਾ ਘਾਟ ਅਜੇ।
ਜੋ ਬਾਜ਼ ਸਿਖਰ 'ਤੇ ਉਡਦਾ ਸੀ
ਉਸ ਸਿਖਰ 'ਤੇ ਅਜੇ ਨਿਸ਼ਾਨ ਮਿਰਾ—
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਵਿਚ ਗ੍ਰੰਥ-ਕਤੇਬਾਂ ਗ਼ੈਬ ਮਿਰੇ,
ਹਨ ਖੜੇ ਅਦਨ ਵਿਚ ਐਬ ਮਿਰੇ,
ਲੱਖ ਨਸ਼ੇ ਪਾਕ ਬੇ-ਐਬ ਮਿਰੇ,
ਚੜ੍ਹ ਅਟਕ ਰਹੇ, ਨ ਥੰਮ੍ਹ ਸੱਕੇ
ਉਸ ਵਾਂਗ ਵੱਸੇ ਅਰਮਾਨ ਮਿਰਾ—
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਸ਼ਾਹ ਰਗ ਫ਼ਰਿਆਦ ਦੀ ਮੁੜੇ ਨਹੀਂ,
ਖੰਭ ਰੱਤ ਜਿਉਂ ਟਪਕੇ, ਜੁੜੇ ਨਹੀਂ,
ਬੇ-ਤਾਬ ਸ਼ਰਾ ਅੱਜ ਮੁੜੇ ਨਹੀਂ,
ਥਲ ਵਾਗ ਫੜੇ ਪਰ ਉੜੇ ਨਹੀਂ,
ਲੋਹ-ਸਾਰ ਦੇ ਕੜੇ 'ਚ ਬੰਦ ਪਿਆ
ਬੇ-ਅਟਕ ਨੇ ਥੰਮ੍ਹਿਆ ਨਾਮ ਮਿਰਾ—
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਜਾ ਮੱਲਿਆ ਰੂਹ ਕਲਬੂਤ ਜਦੋਂ
ਇਕ ਨੁਕਤਾ ਹੋਇਆ ਸੂਤ ਜਦੋਂ
ਬਣ ਨਾਥ ਬਲੀ ਅਵਧੂਤ ਜਦੋਂ,
ਰੱਖ ਜ਼ਾਮਨ ਬਿਰਖ ਨੂੰ ਕੋਲ ਮਿਰੇ
ਆ ਚੜ੍ਹਿਆ ਸ਼ਾਹਦ ਕਮਾਨ ਮਿਰਾ—
ਸਜ ਚੜ੍ਹਣਾ ਅਜੇ ਈਮਾਨ ਮਿਰਾ।
ਸਜ ਚੜ੍ਹਣਾ ਅਜੇ ਈਮਾਨ ਮਿਰਾ...
ਇਹ ਰੋਹ ਤਾਂ ਅਜੇ ਮਿਆਨ ਮਿਰਾ...।