ਇਉਂ ਮਨੁਖ ਦੀ ਭਾਵਨਾ ਉਲਝੀ

ਇਉਂ ਮਨੁਖ ਦੀ ਭਾਵਨਾ ਉਲਝੀ ਪਈ ਏ

ਕਾਮਨਾ ਵਿਚ ਵਰਜਣਾ ਉਲਝੀ ਪਈ ਏ

ਕਿਸ ਤਰਾਂ ਦਾ ਇਸ਼ਕ ਹੈ ਇਹ ਕੀ ਮੁਹੱਬਤ

ਹਉਮੈ ਦੇ ਵਿਚ ਵਾਸ਼ਨਾ ਉਲਝੀ ਪਈ ਏ

ਦੁੱਖ ਹੁੰਦਾ ਹੈ ਜੇ ਮੈਨੂੰ ਗੈਰ ਛੋਹੇ

ਤਨ 'ਚ ਤੇਰੀ ਵੇਦਨਾ ਉਲਝੀ ਪਈ ਏ

ਰਾਤ ਦੇ ਸੀਨੇ 'ਚ ਤਿੱਖਾ ਦਿਨ ਦਾ ਖੰਜ਼ਰ

ਖਾਬ ਦੇ ਵਿਚ ਸੂਚਨਾ ਉਲਝੀ ਪਈ ਏ

ਸ਼ਬਦ, ਤਾਰਾਂ, ਖੌਫ, ਦੁੱਖ, ਵਿਸਮਾਦ, ਕੰਪਨ

ਕਿੰਜ ਮੇਰੀ ਸਿਰਜਣਾ ਉਲਝੀ ਪਈ ਏ ।

📝 ਸੋਧ ਲਈ ਭੇਜੋ