ਏਕੇ ਦੀਆਂ ਸਾਰੀਆਂ ਬਰਕਤਾਂ

ਇਹ ਏਕੇ ਦੀਆਂ ਸਾਰੀਆਂ ਬਰਕਤਾਂ ਨੇ

ਫ਼ੌਜਾਂ ਜਿੱਤਕੇ ਦਿੱਲੀਓਂ ਪਰਤੀਆਂ ਨੇ

ਇਹਨਾਂ ਵਿੱਚ ਹੈ ਸੂਰਜਾ, ਚੰਨ ,ਤਾਰੇ

ਇਹਨਾਂ ਵਿੱਚ ਹੀ ਮਾਂਵਾਂ ਧਰਤੀਆਂ ਨੇ । 

ਜਦੋਂ ਕੂਚ ਕੀਤਾ ਸੀ ਇਸ ਕਾਫ਼ਲੇ ਨੇ

ਰਾਹ ਦੇ ਰੁੱਖਾਂ ਵੀ ਇਹਨੂੰ ਸਲਾਮ ਕੀਤੀ

ਤੱਤੀ ਤਵੀ ਤੇ ਠੰਡੇ ਬੁਰਜ ਵਾਲ਼ੀ

ਤਵਾਰੀਖ਼ ਹੈ ਇਹਨਾਂ  ਸੁਰਜੀਤ ਕੀਤੀ

ਸਿਦਕਦਿਲੀ ਦੇ ਸਾਹਵੇਂ ਦਿੱਲੀ ਸਦਾ ਹਾਰੀ

ਚਾਲਾਂ ਕੋਝੀਆਂ ਏਸ ਭਾਂਵੇ ਵਰਤੀਆਂ ਨੇ । 

ਵਾਹੀਕਾਰ ਤੇ ਕਾਮੇ ਬਗ਼ਲਗੀਰ ਹੋ ਗਏ

ਵਹੀਕਾਰਾਂ ਨੂੰ ਭੈਜਲਾਂ ਪੈ ਗਈਆਂ

ਵਾੜਾਂ ਬਣਕੇ ਜੋ ਖੇਤਾਂ ਨੂੰ ਖਾਣ ਆਈਆਂ

ਉਹ ਧਰੀਆਂ ਧਰਾਈਆਂ ਰਹਿ ਗਈਆਂ

ਸਤਲੁਜ ਗੰਗਾ ਤੇ ਜਮਨਾ ਸੰਗਮਾਂ ਨੇ

ਅਜਬ ਗ਼ਜ਼ਬ ਕਮਾਲਾਂ ਕਰਤੀਆਂ ਨੇ। 

ਲਾਲ ਬਾਲ ਤੇ ਪਾਲ ਨੇ ਫਿਰ ਰਲ਼ਕੇ 

ਇੱਕ ਹੋਰ ਅਜ਼ਾਦੀ ਦੀ ਜੰਗ ਜਿੱਤ ਲਈ

ਵਰਖਾ ਫੁੱਲਾਂ ਦੀ ਹੋਈ ਸ਼ੇਰਾਂ ਦੂਲਿਆਂ ਤੇ

ਵਾਰਾਂ ਗਾਉਣਗੇ ਰਾਗੀ ਢਾਡੀ ਸਦਾ ਇਸ ਲਈ

ਸੱਚ ਜਿੱਤਦਾ ਕੂੜ ਤੇ ਕੁਫ਼ਰ ਹਰਦਾ

ਗੱਲਾਂ ਸੱਚੀਆਂ ਫਿਰ ਸਿੱਧ ਕਰਤੀਆਂ ਨੇ...। 

ਇਹ ਏਕੇ ਦੀਆਂ ਸਾਰੀਆਂ ਬਰਕਤਾਂ ਨੇ

ਫ਼ੌਜਾਂ ਜਿੱਤਕੇ ਦਿੱਲੀਓਂ ਪਰਤੀਆਂ ਨੇ

ਇਹਨਾਂ ਵਿੱਚ ਹੈ ਸੂਰਜਾ , ਚੰਨ ,ਤਾਰੇ

ਇਹਨਾਂ ਵਿੱਚ ਹੀ ਮਾਂਵਾਂ ਧਰਤੀਆਂ ਨੇ।

📝 ਸੋਧ ਲਈ ਭੇਜੋ