ਏਸ ਪੱਥਰ ਦਿਲ 'ਤੇ

ਕਦੇ ਤਾਂ ਏਸ ਪੱਥਰ ਦਿਲ 'ਤੇ ਕੋਈ ਕਹਿਰ ਟੁੱਟੇ।

 ਕਦੇ ਤਾਂ ਖ਼ੂਨ ਰੋਵਾਂ ਮੈਂ ਕਦੇ ਤਾਂ ਅੱਖ ਛਲਕੇ।

 ਸਮਝ ਆਉਂਦੀ ਉਨ੍ਹਾਂ ਨੂੰ ਤਾਂ ਹੀ ਇਸਦਾ ਅਰਥ ਕੀ ਹੈ,

 ਉਹ ਜੇਕਰ ਚੁੱਪ ਦਾ ਮੇਰੀ ਕਦੇ ਅਨੁਵਾਦ ਕਰਦੇ।

 ਮੁਖੌਟੇ ਲਹਿ ਰਹੇ ਹਨ ਸਭ ਪਿਘਲ ਕੇ ਵਾਰੀ ਵਾਰੀ,

 ਲਿਸ਼ਕਦੀ ਧੁੱਪ ਦੇ ਸਾਰੇ ਦੇ ਸਾਰੇ ਰੰਗ ਕੱਚੇ।

 ਜਦੋਂ ਵੀ ਮੈਂ ਖ਼ੁਸ਼ੀ ਦੇ ਬਸ ਜ਼ਰਾ ਕੁ ਨੇੜੇ ਹੋਵਾਂ,

 ਉਦੋਂ ਹੀ ਅੰਦਰੋਂ ਮੇਰੇ ਕੋਈ ਆਵਾਜ਼ ਮਾਰੇ।

 ਹਰਾਰਤ ਖ਼ੂਨ ਅੰਦਰ ਹੋ ਰਹੀ ਹੈ ਕਿਸ ਲਈ ਮੇਰੇ,

 ਕੀ ਮੇਰੇ ਦਿਲ ਦੇ ਅੰਦਰ ਅੱਜ ਵੀ ਹੁਣ ਭਖ ਰਹੇ ਸ਼ੁਅਲੇ।

 ਕਿਤੇ ਪੱਥਰ ਨਾ ਹੋ ਜਾਵੇ ਇਸੇ ਦਾ ਖੌਫ਼ ਹੈ ਮੈਨੂੰ,

 ਕਦੇ ਤਾਂ ਜ਼ਖ਼ਮ ਉਹ ਅਪਣੇ ਕੁਰੇਦੇ, ਦੁੱਖ ਤਾਂ ਫੋਲੇ।

📝 ਸੋਧ ਲਈ ਭੇਜੋ