ਏਸ ਸ਼ਹਿਰ ਵਿਚ

ਏਸ ਸ਼ਹਿਰ ਵਿਚ

ਲੋਕ ਪੁਸ਼ਾਕਾਂ ਨਹੀਂ ਪਹਿਨਦੇ

ਸਗੋਂ ਸ਼ਕੀਨ ਪੁਸ਼ਾਕਾਂ ਪਿੰਡੇ ਪਹਿਨਦੀਆਂ ਨੇ 

ਛਾਂਟ ਝਾੜ ਕੇ, ਕੱਸ ਕੇ ਕਟ ਕੇ

ਢਿਲਕ ਰਹੇ ਬਦਨਾਂ ਨੂੰ

ਬੰਧਨਾਂ ਜਹੇ ਪ੍ਰਚਲਤ ਵੇਸ ਦੇ ਮੇਚ ਹੈ ਕੀਤਾ ਜਾਂਦਾ।

ਘੱਟ ਹੀ ਦਿਲ ਦੀ ਗੱਲ ਖੋਲ੍ਹਦੇ

ਇਸ ਬਸਤੀ ਦੇ ਵਾਸੀ

ਸੌਂਦੇ ਨੀਂਦ ਉਦਾਸੀ

ਚਾਦਰ ਵਾਂਗ ਤਾਣਕੇ ਹੱਡ ਭੰਨਣੀ ਔਖੇ ਧੰਦਿਆਂ ਦੀ 

ਰਾਤੀਂ ਸੁਫ਼ਨੇ ਅਧਮੋਏ ਸੱਪਾਂ ਦੇ ਵਾਂਗੂੰ ਜ਼ਹਿਰ ਘੋਲਦੇ 

ਦਿਨ ਭਰ ਦੇ ਦੁੱਖਾਂ ਦੀ ਕਿਰਤ ਕਮਾਈ

ਭੁੱਖੇ ਪੇਟ ਨਹੀਂ ਭਰਦੀ ਹੈ

ਨੀਤੀ ਹੱਥੋਂ ਹਾਰੇ

ਇਹਨਾਂ ਕਰਨੀ ਦੇ ਬੰਦਿਆਂ ਨੇ

ਰਜਵਾਂ ਕਦੀ ਅਹਾਰ ਨਹੀਂ ਖਾਧਾ ਹੈ 

ਭਲਕ ਦੀ ਆਸ ਦਾ ਦੇ ਭੁਚਲਾਵਾ 

ਹੌਲੀ-ਹੌਲੀ ਭੁੱਖ ਇਹਨਾਂ ਨੂੰ ਖਾ ਜਾਂਦੀ ਹੈ। 

ਏਸ ਅਕਲ ਦੇ ਸ਼ਹਿਰ 'ਚ

ਵਿੰਗੀਆਂ ਟੇਢੀਆਂ ਗਲੀਆਂ 

ਲਫ਼ਜ਼ ਜਜ਼ਬਿਆਂ

ਅਤੇ ਖ਼ਿਆਲਾਂ ਨਾਲ ਚਿਰੋਕੇ 

ਲੁੱਕਣ ਮੀਚੀ ਖੇਡ ਰਹੇ ਨੇ

ਏਥੇ ਹਰ ਸੱਜਰੀ ਗੱਲ ਦੀ ਸੁਚਮ ਨੂੰ 

ਜੂਠੇ ਬੋਲਾਂ ਨੇ ਭਿੱਟਿਆ ਹੈ।

📝 ਸੋਧ ਲਈ ਭੇਜੋ