ਏਸ ਤੋਂ ਪਹਿਲਾਂ

ਹੁਣ ਤਾਂ ਏਥੋਂ ਵੀ

ਜਾਣਾ ਹੀ ਬਣਦਾ ਹੈ ਮੇਰਾ।

ਪਤਾ ਨਹੀਂ ਹੈ ਮੈਨੂੰ ਕਿਸ ਮੰਜ਼ਿਲ ਦੀ ਤਲਾਸ਼ 

ਮੈਂ ਉਹ ਯਾਤਰੀ ਹਾਂ ਜਿਸ ਨੂੰ 

ਪੜਾਵਾਂ ‘ਤੇ ਵੀ ਚੈਨ ਨਹੀਂ।

ਜਦੋਂ ਮੈਂ ਰਾਹਾਂ ਉਪਰ ਨਹੀਂ ਤੁਰਦਾ 

ਤਾਂ ਰਾਹ ਮੇਰੇ ਉਪਰੋਂ ਤੁਰਨ ਲੱਗਦੇ ਨੇ। 

ਨੀਲੀਆਂ ਝੀਲਾਂ ਦੇ ਕੰਢੇ ਬਹਿ

ਚਿੱਟੇ ਹੰਸਾਂ ਦੀ ਉਡੀਕ ਕਰਨੀ

ਮੇਰੀ ਹੋਣੀ ਨਹੀਂ।

ਮੇਰੇ ਹਿੱਸੇ ਤਾਂ ਆਉਂਦੀ ਹੈ

ਕਦੇ ਕਦਾਈਂ ਗੰਧਲੇ ਪਾਣੀ ਦੀ ਘੁੱਟ 

ਜਾਂ ਰੁੰਡ ਮੁੰਡ ਰੁੱਖਾਂ ਦੀ ਛਾਂ

ਇਸ ਟੁੱਟੇ ਭੱਜੇ ਸਮੇਂ ਵਿੱਚ

ਸਾਬਤ ਮਨੁੱਖ ਬਣ ਕੇ ਜੀਣ ਦੀ ਜ਼ਿੱਦ 

ਆਪ ਸਹੇੜਿਆ ਦੁਖਾਂਤ ਹੈ ਮੇਰੇ ਲਈ।

ਮੈਂ ਇਨ੍ਹਾਂ ਰੇਤ ਰਲੇ ਰਿਸ਼ਤਿਆਂ ’ਚੋਂ 

ਅਛੋਹ ਤੇ ਪਵਿੱਤਰ ਖੁਸ਼ੀ ਦੀ ਭਾਲ ਕਰਦਾ 

ਨਜ਼ਰਾਂ ਗੁਆਈ ਜਾ ਰਿਹਾਂ।

ਮੇਰੀ ਉਮਰ ਵਰ੍ਹਿਆਂ ‘ਚ ਨਹੀਂ

ਜਿਸਮ ‘ਚੋਂ ਕਿਰਦੀ ਮਿੱਟੀ ਨਾਲ 

ਮਿਣੀ ਜਾਂਦੀ ਹੈ।

ਏਸ ਤੋਂ ਪਹਿਲਾਂ ਕਿ ਧੁੰਦਲੀ ਹੋ ਜਾਏ ਅੱਖਾਂ ਦੀ ਲੋਅ 

ਕਿਰ ਜਾਏ ਜਿਸਮ ਦੀ ਸਾਰੀ ਦੀ ਸਾਰੀ ਮਿੱਟੀ 

ਕਰ ਦੇਵੇ ਨਾਂਹ ਗੰਧਲਾ ਪਾਣੀ ਬੁੱਲ੍ਹਾਂ ਨੂੰ ਲੱਗਣ ਤੋਂ 

ਫੈਲ ਜਾਵੇ ਰਗਾਂ ‘ਚ ਹੜ੍ਹ ਦੇ ਹੁੰਮਸ ਜਿਹੀ ਉਦਾਸੀ 

ਡਿੱਗ ਪਵੇ ਰੂਹ ਉਤੇ ਗਿੱਲੀ ਸੁਆਹ ਵਾਂਗ 

ਆਤਮਘਾਤੀ ਛਿਣਾਂ ਦਾ ਕਾਲਾ ਰੌਂਅ

ਮੇਰਾ ਏਥੋਂ ਤੁਰਨਾ ਹੀ ਬਣਦਾ ਹੈ।

📝 ਸੋਧ ਲਈ ਭੇਜੋ