ਏਸੇ ਨੂੰ ਹੋਣੀ ਆਖਦੇ ਏਸੇ ਨੂੰ ਹੋਵਣ ਹਾਰ ਵੇ ।
ਕਿ ਖੁਰਦੇ ਖੁਰਦੇ ਖੁਰ ਗਏ ਸੰਗਮਰਮਰੀ ਕਿਰਦਾਰ ਵੇ ।
ਨਾ ਰੱਜ ਹੰਢਾਈ ਦੁਸ਼ਮਨੀ ਨਾ ਰੱਜ ਹੰਢਾਏ ਯਾਰ ਵੇ,
ਹਾਏ ! ਬੋਲੇ ਸਰਵਣ ਮਾਣਦੇ ਸਾਡੀ ਝਾਂਜਰ ਦੀ ਛਣਕਾਰ ਵੇ ।
ਨਾ ਬਰਸੇ ਬਣਕੇ ਮੇਘਲੇ ਨਾ ਹੋ ਸਕੇ ਅਸੀਂ ਔੜ ਵੇ,
ਨਾ ਮਹਿਕ ਗੁਲਾਬੀ ਫੁੱਲ ਦੀ ਨਾ ਭੈੜੇ ਅੱਕ ਦੀ ਕੌੜ ਵੇ ।
ਬੱਸ ਬਿਨ ਸੋਚੇ ਹੀ ਠਿਲ੍ਹ ਪਏ ਤੇ ਡੁੱਬੇ ਅਧ ਵਿਚਕਾਰ ਵੇ,
ਸਭਨਾ ਜਿੱਤੀ ਆਂ ਬਾਜ਼ੀਆਂ ਤੇ ਸਾਨੂੰ ਆ ਗਈ ਹਾਰ ਵੇ ।