ਏਥੇ ਬੋਲਣ ਦੀ ਨਹੀਂ ਜਾ ਮੀਆਂ

ਕੀ ਬੋਲਾਂ ਤੇ ਕੀ ਨਾ ਬੋਲਾਂ ਮੈਂ

ਕਿੰਜ ਭੇਤ ਦਿਲੇ ਦਾ ਖੋਲ੍ਹਾਂ ਮੈਂ

ਕਿਸ ਅੱਗੇ ਦੁਖੜਾ ਫੋਲਾਂ ਮੈਂ

ਲੈ ਆਂਦਾ ਨੱਕ ਵਿਚ ਸਾਹ ਮੀਆਂ-

ਏਥੇ ਬੋਲਣ ਦੀ ਨਹੀਂ ਜਾ ਮੀਆਂ ।

ਅਸੀਂ ਘਿਰ ਗਏ ਕਾਲੀਆਂ ਲਹਿਰਾਂ ਵਿਚ

ਝੱਖੜਾਂ ਵਿਚ, ਕਾਲੀਆਂ ਕਹਿਰਾਂ ਵਿਚ

ਨਾ ਆਰ ਕਿਤੇ, ਨਾ ਪਾਰ ਕਿਤੇ

ਸਾਨੂੰ ਦਿਸਦਾ ਨਾ ਕੋਈ ਰਾਹ ਮੀਆਂ-

ਏਥੇ ਬੋਲਣ ਦੀ ਨਹੀਂ ਜਾ ਮੀਆਂ ।

ਏਥੇ ਪੰਛੀ ਚਹਿਕ ਨਾ ਸਕਦੇ ਨੇ

ਫੁੱਲ-ਬੂਟੇ ਟਹਿਕ ਨਾ ਸਕਦੇ ਨੇ

ਏਥੇ ਪਹਿਰਾ ਚੰਦਰੀ ਪੱਤਝੜ ਦਾ

ਏਥੇ ਬੁਲਬੁਲ ਸਕੇ ਨਾ ਗਾ ਮੀਆਂ-

ਏਥੇ ਬੋਲਣ ਦੀ ਨਹੀਂ ਜਾ ਮੀਆਂ ।

ਇਹ ਨਗਰੀ ਜਮ-ਜੰਦਾਰਾਂ ਦੀ

ਮਾਸੂਮ, ਬੇਦੋਸ਼ੇ-ਮਾਰਾਂ ਦੀ

ਏਥੇ ਰਾਤ ਨੂੰ ਰਾਤ ਨਾ ਕਹਿ ਸਕੀਏ

ਨਾ ਕਰ ਸਕੀਏ ਅਸੀਂ 'ਹਾਹ' ਮੀਆਂ-

ਏਥੇ ਬੋਲਣ ਦੀ ਨਹੀਂ ਜਾ ਮੀਆਂ ।

ਏਥੇ ਆਖਣ, ਦੀਨ ਕਬੂਲ ਕਰੋ

ਨਹੀਂ ਛੁਰੀਆਂ ਹੇਠਾਂ ਸੀਸ ਧਰੋ

ਨਿਤ ਹੁਕਮ ਚੁਗੱਤੇ ਚਾੜ੍ਹ ਰਹੇ

ਅਸੀਂ ਕਰ ਨਹੀਂ ਸਕਦੇ ਨਾਂਹ ਮੀਆਂ-

ਏਥੇ ਬੋਲਣ ਦੀ ਨਹੀਂ ਜਾ ਮੀਆਂ ।

ਮੇਰੇ ਦਿਲ ਵਿਚ ਉਠਦੀ ਹੂਕ ਜਿਹੀ

ਇਕ ਚੀਕ ਜਿਹੀ, ਇਕ ਕੂਕ ਜਿਹੀ

ਕਦੇ ਉੱਠ ਪੈਂਦੀ, ਕਦੇ ਦਬ ਜਾਂਦੀ

ਪਰ ਕੱਢ ਨਾ ਸਕਦੀ ਸਾਹ ਮੀਆਂ-

ਏਥੇ ਬੋਲਣ ਦੀ ਨਹੀਂ ਜਾ ਮੀਆਂ ।

📝 ਸੋਧ ਲਈ ਭੇਜੋ