ਪਿਆਰ ਤੇਰੇ ਵਿੱਚ ਸਭ ਕੁੱਝ, ਖੋਈ ਬੈਠਾ ਹਾਂ।
ਜਿੰਦਗੀ ਦੀ ਹਰ ਮਿੱਤ ਵਿੱਚ ਮਿੱਤੀ ਰਹਿੰਦਾ ਸੀ,
ਤੇਰੇ ਕਰਕੇ ਫਾਡੀ ਹੋਇਆ ਬੈਠਾ ਹਾਂ ।
ਤੇਰੇ ਜੋ ਕੁੱਝ ਵਾਅਦੇ, ਮੇਰੇ ਸੁਪਨੇ ਸੀ।
ਉਹਨਾਂ ਨੂੰ ਹੁਣ ਕਦ ਦਾ ਰੋਈ ਬੈਠਾ ਹਾਂ॥
ਪਿਆਰ ਤੇਰੇ ਦਾ ਨਿੱਘ ਸੀ, ਜੋ ਹੁਣ ਠਰ ਚੁੱਕਿਆ ।
ਲੈ ਯਾਦਾਂ ਦੀ ਕਾਲੀ ਲੋਈ ਬੈਠਾ ਹਾਂ॥
ਛੋਹ ਤਾਂ ਗਈ, ਅਹਿਸਾਸ ਨਾ ਤੇਰਾ ਤੁਰ ਜਾਵੇ।
ਪਲਕਾਂ ਦੇ ਦੋ ਬੂਹੇ ਢੋਈ ਬੈਠਾ ਹਾਂ॥
ਇਸ਼ਕ ਤੇਰੇ ਦੀ ਛੋਟੀ ਜਿਹੀ ਚਿਣਗ ਸਦਕੇ।
ਆਪਣੇ ਦਿਲ ਨੂੰ ਅੱਗ ਵਿੱਚ ਝੋਈ ਬੈਠਾ ਹਾਂ॥
"ਮੰਡੇਰ" ਹਮੇਸ਼ਾ ਤੇਰਾ ਹੀ ਰਾਹ ਤੱਕਦਾ ਹਾਂ।
ਕਦਮ ਕਦਮ ਤੇ ਤੇਲ ਮੈਂ ਚੋਈ ਬੈਠਾ ਹਾਂ॥