ਮੇਰੇ ਪਿੰਡ ਦੇ ਕਿਸੇ ਰੁੱਖ ਨੂੰ

ਮੈਂ ਸੁਣਿਐ ਜੇਲ੍ਹ ਹੋ ਗਈ ਹੈ

ਉਹਦੇ ਕਈ ਦੋਸ਼ ਹਨ :

ਉਹਦੇ ਪੱਤ ਸਾਵਿਆਂ ਦੀ ਥਾਂ

ਹਮੇਸ਼ਾ ਲਾਲ ਉਗਦੇ ਸਨ

ਬਿਨਾਂ 'ਵਾ ਦੇ ਵੀ ਉੱਡਦੇ ਸਨ

ਉਹ ਪਿੰਡ ਤੋਂ ਬਾਹਰ ਨਹੀਂ

ਪਿੰਡ ਦੇ ਸਗੋਂ ਉਹ ਖੂਹ 'ਚ ਉੱਗਿਆ ਸੀ

ਤੇ ਜਦ ਵੀ ਝੂਮਦਾ ਤਾਂ ਉਹ ਸਦਾ ਛਾਵਾਂ ਹਿਲਾਂਦਾ ਸੀ

ਤੇ ਧੁੱਪਾਂ ਨੂੰ ਡਰਾਂਦਾ ਸੀ

ਤੇ ਰਾਹੀਆਂ ਨੂੰ ਤੁਰੇ ਜਾਂਦੇ ਉਹ

ਧੁੱਪਾਂ ਤੋਂ ਬਚਾਂਦਾ ਸੀ

ਤੇ ਪਾਣੀ ਭਰਦੀਆਂ ਕੁੜੀਆਂ ਨੂੰ

ਧੀ ਕਹਿ ਕੇ ਬੁਲਾਂਦਾ ਸੀ

ਤੇ ਇਹ ਵੀ ਸੁਣਨ ਵਿਚ ਆਇਐ

ਕਿ ਉਸਦੇ ਪੈਰ ਵੀ ਕਈ ਸਨ

ਤੇ ਉਹ ਰਾਤਾਂ ਨੂੰ ਤੁਰਦਾ ਸੀ

ਤੇ ਪਿੰਡ ਦੇ ਸਾਰਿਆਂ ਰੁੱਖਾਂ ਨੂੰ ਮਿਲ ਕੇ

ਰੋਜ਼ ਮੁੜਦਾ ਸੀ

ਤੇ ਅੱਧ-ਰੈਣੀ ਹਵਾ ਦੀ ਗੱਲ ਕਰਕੇ

ਰੋਜ਼ ਝੁਰਦਾ ਸੀ

ਭਲਾ ਯਾਰੋ ਅਜਬ ਗੱਲ ਹੈ

ਮੈਂ ਸਾਰੀ ਉਮਰ ਸਭ ਰੁੱਖਾਂ ਦੀਆਂ

ਸ਼ਾਖਾਂ ਤਾਂ ਤੱਕੀਆਂ ਸਨ

ਕੀ ਰੁੱਖਾਂ ਦੇ ਵੀ ਮੇਰੇ ਦੋਸਤੋ

ਕਿਤੇ ਪੈਰ ਹੁੰਦੇ ਨੇ ?

ਤੇ ਅੱਜ ਅਖ਼ਬਾਰ ਵਿਚ ਪੜ੍ਹਿਐ

ਕਿ ਉਹ ਹਥਿਆਰ-ਬੰਦ ਰੁੱਖ ਸੀ

ਉਹਦੇ ਪੱਲੇ ਬੰਦੂਕਾਂ, ਬੰਬ ਤੇ ਲੱਖਾਂ ਸੰਗੀਨਾਂ ਸੀ

ਮੈਂ ਰੁੱਖਾਂ ਕੋਲ ਸਦਾ ਰਹਿੰਦੀਆਂ

ਛਾਵਾਂ ਤਾਂ ਸੁਣੀਆਂ ਸਨ

ਪਰ ਬੰਬਾਂ ਦੀ ਅਜਬ ਗੱਲ ਹੈ ?

ਤੇ ਇਹ ਝੂਠੀ ਖ਼ਬਰ ਪੜ੍ਹ ਕੇ

ਮੈਨੂੰ ਇਤਬਾਰ ਨਹੀਂ ਆਉਂਦਾ

ਕਿ ਉਸਨੇ ਪਿੰਡ ਦੇ

ਇਕ ਹੋਰ ਰੁੱਖ ਨੂੰ ਮਾਰ ਦਿੱਤਾ ਹੈ

ਜਿਹੜਾ ਪਿੰਡ ਦੇ ਸ਼ਾਹਵਾਂ ਦੇ ਘਰ

ਵਿਹੜੇ 'ਚ ਉੱਗਿਆ ਸੀ

ਜਿਸ ਤੋਂ ਰੋਜ਼ ਕੋਈ ਕਾਗ

ਚੁਗਲੀ ਕਰਨ ਉੱਡਿਆ ਸੀ

ਤੇ ਅੱਜ ਕਿਸੇ ਯਾਰ ਨੇ ਦੱਸਿਐ

ਜੋ ਮੇਰੇ ਪਿੰਡ ਤੋਂ ਆਇਐ

ਕਿ ਮੇਰੇ ਉਸ ਪਿੰਡ ਦੇ ਰੁੱਖ ਨੂੰ

ਫਾਂਸੀ ਵੀ ਹੋ ਰਹੀ ਹੈ

ਤੇ ਉਹਦਾ ਪਿਉ ਕਿੱਕਰਾਂ ਵਰਗਾ

ਤੇ ਮਾਂ ਬੇਰੀ ਜਿਹੀ ਹੋ ਰਹੀ ਹੈ

📝 ਸੋਧ ਲਈ ਭੇਜੋ