ਕੰਮ ਲਈ ਜਿਹੜੇ ਛੱਡ ਆਏ ਘਰ ਬਾਹਰ ਵਿਚਾਰੇ ਨੇ,
ਫੈਲੀ ਮਹਾਂਮਾਰੀ ਤਾਂ ਪੈਦਲ ਮੁੜਦੇ ਸਾਰੇ ਨੇ।
ਛੋਟੇ-ਛੋਟੇ ਬਾਲ ਨੇ ਕੁੱਛੜ ਮੀਲਾਂ ਦਾ ਤੁਰਨਾ,
ਜਿਨ੍ਹਾਂ ਸਿਰ 'ਤੇ ਲੀਡਰ ਜਿੱਤੇ, ਉਹੋ ਈ ਹਾਰੇ ਨੇ।
ਨਾਲ ਕਰੋਨਾ ਸ਼ਾਇਦ ਹੀ ਕੋਈ ਫੌਤ ਹੋਇਆ ਮਜਦੂਰ,
ਭੁੱਖ, ਪਿਆਸ, ਥਕਾਵਟ ਨੇ ਹੀ ਬਹੁਤੇ ਮਾਰੇ ਨੇ।
ਸਰਕਾਰਾਂ ਤੋਂ ਸਭ ਕੁੱਝ ਮਿਲਦਾ ਸਿਰਫ ਅਮੀਰਾਂ ਨੂੰ,
ਜਨਤਾ ਪੱਲੇ ਆਉਂਦੇ ਲਾਠੀਚਾਰਜ ਲਾਰੇ ਨੇ।
ਮਾਂ ਸਟੇਸ਼ਨ ਉੱਤੇ ਭੁੱਖ ਪਿਆਸ ਨੇ ਮਾਰੀ ਜੋ,
ਉਠਾਉਣ ਦੀ ਕੋਸ਼ਿਸ਼ ਕੀਤੀ ਉਹਦੇ ਅੱਖ ਦੇ ਤਾਰੇ ਨੇ।
ਛੱਡ ਗਈ ਬੇਟੀ ਸਦਾ ਲਈ ਇਹ ਰਾਹ ਵਿੱਚ ਖਬਰ ਮਿਲੀ,
ਫੋਨ ਹੈ ਕੰਨ 'ਤੇ ਅੱਖੀਓਂ ਵਹਿੰਦੇ ਜਲ ਦੇ ਧਾਰੇ ਨੇ।
ਪੈਦਲ ਘਰ ਨੂੰ ਤੁਰੇ ਨੇ ਅੱਜ ਤੱਕ ਘਰ ਨਾ ਪਹੁੰਚ ਸਕੇ,
ਜਿੰਨਾਂ ਮੇਹਨਤ ਕਰਕੇ ਤੇਰੇ ਪਾਏ ਚੁਬਾਰੇ ਨੇ।
ਦਿਲ ਅਰਦਾਸਾਂ, ਅੱਖ ਵਿੱਚ ਹੰਝੂ, ਕਲਮ ਹੈ ਲਿਖਣੇ ਲਈ,
ਲਿਖਣੇ ਗਾਉਣੇ ਗੀਤ ਮੈਂ ਲਾਜ਼ਿਮ ਉਹਨਾਂ ਬਾਰੇ ਨੇ।
'ਸਾਹਿਬ' ਜਿਸ ਦਾ ਕੋਈ ਨਹੀਂ ਤੂੰ ਉਹਦਾ ਵਾਲੀ ਏਂ,
ਦਾਤਾ! ਕਿਰਪਾ ਕਰ ਮਜਦੂਰ ਤਾਂ ਤੇਰੇ ਸਹਾਰੇ ਨੇ।