ਫ਼ਜਰ ਦੇ ਪੱਤਣਾਂ ਉੱਤੇ ਮੌਤ

(ੳ)

ਸੰਞ ਸਿਆਲਾਂ ਦੇ ਬਿਰਖਾਂ 'ਤੇ

ਜ਼ੁਲਫ਼ਾਂ ਦਾ ਪਰਛਾਵਾਂ,

ਲੱਖ ਦੁਪਹਿਰਾਂ ਅੱਥਰੂ ਭਰ ਕੇ 

ਚੱਲੀਆਂ ਨਾਲ ਹਵਾਵਾਂ।

ਨੈਣ ਮਮੋਲੇ ਸੂਰਜ ਹੋਏ 

ਭਖਿਆ ਖ਼ੂਨ-ਨਜ਼ਾਰਾ, 

ਡੁੱਬਿਆ ਜਦੋਂ ਖਿਜ਼ਰ ਦੇ ਸੀਨੇ

ਟੁੱਟ ਫ਼ਜਰਾਂ ਤੋਂ ਤਾਰਾ।

ਰੇਤ ਤੇ ਹੌਕੇ ਥਰਕ ਰਹੇ ਨੇ 

ਵਗੀਆਂ ਲੰਮੀਆਂ ਨਦੀਆਂ;

ਸ਼ੀਂਹ ਮੌਤਾਂ ਦਾ ਹੌਲ ਕੰਬਾਵੇ

ਖ਼ੂਨ 'ਚੋਂ ਰਿਸ਼ਮਾਂ ਵਗੀਆਂ।

ਦਗਦਾ ਪਿਆ ਫ਼ਜਰ ਦਾ ਪਾਣੀ

ਦੋਜ਼ਖ਼ ਦੇ ਦਰਵਾਜ਼ੇ,

ਸਹਿਮ ਦਾ ਅੰਬਰ ਝਿਮ ਝਿਮ ਥਰਕੇ

ਵੱਡ-ਸੂਰਜ ਪਰਵਾਜ਼ੇ

ਕਾਲੇ ਸ਼ਾਹ ਕੇਸਾਂ ਦੇ ਪੱਤਣ

ਬੇ-ਅਟਕ ਦਰਿਆਵਾਂ,

ਕਿਸੇ ਖ਼ੁਦੀ ਦੇ ਜੋਬਨ ਦੀ ਰੁੱਤ

ਦਿੱਤੀਆਂ ਰੰਗ ਹਵਾਵਾਂ।

(ਅ)

ਉਤਰੇ ਫ਼ਜਰ ਦੇ ਪਤਣਾਂ ਉੱਤੇ 

ਜਦ ਕਦ ਸਿਦਕ ਸ਼ਹੀਦਾਂ,

ਲੰਮੀ ਕਿਸੇ ਅਜ਼ਾਨ ਦੇ ਅੰਦਰ 

ਦੱਸਿਆ ਦੁੱਖ ਮੁਰੀਦਾਂ।

ਸਿਆਹ ਨਕਾਬ ਦੇ ਥਲਾਂ 'ਚ ਕੇ 

ਨੂਰਾਂ ਦਾ ਦਲ ਕੋਈ। 

ਖ਼ੂਨ ਦੀ ਗਹਿਰ 'ਚ ਹਫਦਾ ਹਫਦਾ 

ਅੱਖ ਸੂਰਜ ਦੀ ਹੋਈ। 

ਵਿਰਦ ਦੇ ਮੂਰਛ ਸਾਜ਼ ਦੇ ਵੱਲੇ 

ਜਦ ਸੀ ਤੁਰਿਆ ਗਾਜ਼ੀ, 

ਕੀਤਾ ਦੀਦ ਸਿਤਾਰਿਆਂ ਕੇ 

ਚੁੰਮ ਚੁੰਮ੍ਹ ਗੀਤ ਨਮਾਜ਼ੀ।

(ੲ)

ਸਬਰ-ਸਰਾਂ ਦੀ ਅਗਨੀ ਚਮਕੀ

ਹੱਲੇ ਨਗਰ ਉਦਾਸੀ,

ਫ਼ਜਰਾਂ ਦੀ ਜੋ ਭੇਹਰ ਸੁਣੀਂਦੀ 

ਸੋਈ ਉਮਰ ਵਿਗਾਸੀ।

ਦੂਰੋਂ ਗੀਤ ਨਦਰ ਦਾ ਸੱਦੇ 

ਕੋਇਲ ਵਣਾਂ ਦੀ ਜੀਵਾਂ,

ਵਰ੍ਹਦਾ ਰਹੇ ਨਜ਼ਰ ਦਾ ਸੂਰਜ

ਕਦੇ ਨਾਂਹ ਹੋਵੇ ਨੀਵਾਂ।

ਜਿੰਦ ਦਾ ਕਹਿਰ ਗਿਆ ਜਦ ਹੁੱਲਦਾ 

ਭਰਿਆ ਖ਼ੁਦੀ ਦੇ ਨਾਜ਼ਾਂ- 

“ਕਿਤੋਂ ਰਹਿਮ ਦੀ ਕਣੀ ਨੂੰ ਪੀਵਾਂ 

ਸਾਗਰ ਦਿਵੇ ਆਵਾਜ਼ਾਂ।

ਘੁੰਡ ਵਿਚ ਨੈਣ ਭਖੇ ਜਦ ਤੇਰਾ 

ਮੈਂ ਕਿਤ ਵੇਸ 'ਚ ਲੰਘਾਂ

ਸਿਰ ਮੇਰੇ 'ਤੇ ਸੂਰਜ ਚਮਕੇ 

ਪੈਰਾਂ ਹੇਠ ਨੇ ਸੰਝਾਂ !

📝 ਸੋਧ ਲਈ ਭੇਜੋ