ਉੱਚੇ ਬੁਰਜੀਂ ਖੀਵਿਆਂ

ਦੇ ਖੜੀਆਂ ਨਾਰਾਂ।

ਰੰਗ ਕਸੁੰਭਾ ਬਾਲਿਆ

ਵਿਚ ਬੇਲੇ ਬਾਰਾਂ।

ਫ਼ਜਰਾਂ ਮੈਂ ਮੁਟਿਆਰ ਸੰਗ 

ਅੱਜ ਭਰਦੀਆਂ ਪਾਣੀ, 

ਤਾਣ ਦਿੱਤੀਆਂ ਓਸ ਲਈ 

ਅਸਮਾਨ ਨੇ ਦਾਰਾਂ।

ਸੂਹਾ ਵੇਸ ਕਰੇਂਦੀਏ

ਇਕ ਬੋਲ ਜੇ ਬੋਲੇਂ,

ਘੋੜ ਦੀ ਟਾਪ ਜਮਾ ਦਿਆਂ

ਮੈਂ ਪਾਰ ਗ਼ੁਬਾਰਾਂ।

ਸਾਖਾਂ ਵੇਸ ਕਰੇਂਦੀਏ

ਰੁੱਤ ਚੇਤ ਵਸਾਖਾਂ,

ਬੇਲੇ ਸੁੱਤੀ ਨਾਰ ਨੂੰ

ਮੈਂ 'ਵਾਜ ਮਾਰਾਂ।

ਬਰਸਾਂ ਰਿਹਾ ਉਡੀਕਦਾ

ਫ਼ਰਿਹਾਦ ਦਾ ਤੇਸਾ,

ਕਿਸੇ ਦੀਵਾ ਬਾਲਿਆ

ਸਿਰ ਬਾਂਝ ਪਹਾੜਾਂ।

ਭਾਵੇਂ ਤੀਰ ਗੁਆਚਣਾ

ਵਿਚ ਖ਼ੂਨੀ ਥਲ ਦੇ,

ਧੀ ਖੀਵੇ ਦੀ ਰਹੇਗੀ

ਇਸ ਦਿਲ ਦੇ ਪਾਰਾਂ।

ਉੱਚੀਆਂ ਲੰਮੀਆਂ ਟਾਹਲੀਆਂ 

ਤਕ ਵਗਣ ਝਨਾਵਾਂ, 

ਵੇਖ ਰਹੇ ਤਕਦੀਰ ਨੂੰ

ਹੱਸ ਹੁਸਨ ਹਜ਼ਾਰਾਂ।

ਚੰਨ ਸੂਰਜਾਂ ਤਾਰਿਆਂ 

ਜਿਸ ਰਾਹ 'ਤੇ ਬੁਝਣਾ,

ਓਥੇ ਵੀ ਲੈ ਸੁੱਤੀਆਂ

ਦਿਲ-ਭੇਦ ਨੂੰ ਗਾਰਾਂ।

📝 ਸੋਧ ਲਈ ਭੇਜੋ