ਛੱਡ ਦਿਆਂ ਕਾਮ ਕ੍ਰੋਧ ਚਤੁਰਾਈ,
ਬੁਰੇ ਕੰਮਾਂ ਤੇ ਧੰਦਿਆਂ ਨੂੰ,
ਸਭ ਨੂੰ ਇੱਕ ਸਮਾਨ ਮੈਂ ਦੇਖਾਂ,
ਓਸ ਖੁਦਾ ਦੇ ਬੰਦਿਆਂ ਨੂੰ,
ਜੋ ਲਿਖ ਦੇ ਦਰਦ ਗਰੀਬਾਂ ਦਾ,
ਮੇਰੀ ਕਲਮ ਨੂੰ ਮੈਂ ਸ਼ਮਸ਼ੀਰ ਬਣਾਵਾਂ,
ਮੇਰਾ ਦਿਲ ਕਰਦਾ ਮੈਂ ਫ਼ਕੀਰ ਹੋ ਜਾਵਾਂ।
ਆਪਣੇਂ ਲਈ ਤਾਂ ਬੜਾ ਜੀ ਲਿਆ,
ਹੋਰਾਂ ਲਈ ਵੀ ਜਿਉਂ ਕੇ ਦੇਖਾਂ,
ਜਖ਼ਮ ਤਾਂ ਦਿੱਤੇ ਬਹੁਤਿਆਂ ਨੂੰ ਨੇਂ,
ਹੁਣ ਜ਼ਖਮਾਂ ਨੂੰ ਮੈਂ ਸਿਉਂ ਕੇ ਦੇਖਾਂ,
ਦੁਨੀਆਂ ਦਾ ਨਾਂ ਅਸਰ ਪਵੇ,
ਮੈਂ ਪੱਥਰ ਉੱਤੇ ਲਕੀਰ ਹੋ ਜਾਵਾਂ,
ਮੇਰਾ ਦਿਲ ਕਰਦਾ ਮੈਂ ਫ਼ਕੀਰ ਹੋ ਜਾਵਾਂ।
ਕਰਮ ਜੋ ਕਰਨੇਂ ਦੁਨੀਆਂ ਉੱਤੇ,
ਕਹਿੰਦੇ ਲੇਖਾ ਪੈਣਾਂ ਦੇਣਾਂ,
ਦਿਲ ਤੋੜਿਆਂ ਵੀ ਪਾਪ ਏ ਹੁੰਦਾ,
ਐਵੇਂ ਕਿਉਂ ਮੈਂ ਮਾਰਾਂ ਮਿਹਣਾਂ,
ਹੋਰ ਬੜਾ ਕੁਝ ਪਾ ਲਿਆ ਏ ਮੈਂ,
ਇੱਕ ਰੱਬ ਹੀ ਬੱਸ ਅਖੀਰ ਜੋ ਪਾਵਾਂ,
ਮੇਰਾ ਦਿਲ ਕਰਦਾ ਮੈਂ ਫ਼ਕੀਰ ਹੋ ਜਾਵਾਂ।