ਫ਼ਕੀਰ ਸੀਰਤ ਕੁੜੀ ਦੇ ਵਲਵਲੇ

ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ, 

ਦਰ-ਦਰਵਾਜ਼ੇ ਸੁੱਤਿਆ, ਮੇਰੀ ਨਜ਼ਰ ਮੰਨੇ।

ਅਰਜ਼ ਕਰੇਂਦੀ ਨਾਰ ਹਿੱਕ

ਵਿਚ ਖ਼ਲਕਤ ਤੇਰੀ,

ਦੂਰ ਜਾਵੀਂ ਸੋਹਣਿਆਂ

ਪਾ ਕਹਿਰ ਦੀ ਫੇਰੀ,

ਮੱਚਦੇ ਵਾਲ 'ਤੇ ਆਣ ਕੇ, ਕੋਈ ਤੂਰ ਨੂੰ ਬੰਨ੍ਹੇ— 

ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ।

ਅੱਥਰੀ ਪੈੜ ਤੇ ਸੈਂ ਗਿਆ

ਇਹ ਰੂਹ ਅਲਬੇਲਾ,

ਧੂੜਾਂ ਸੁੱਟ ਕੇ ਵਿਛੜਿਆ

ਫ਼ਰਿਹਾਦ ਦਾ ਮੇਲਾ,

‘ਟਿਕ ਟਿਕ’ ਸੁਣਦੀ ਰਹੀ ਸੀ, ਇਹ ਕਦਮ ਥੰਮ੍ਹੇ- 

ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ।

ਮੇਲੇ ਵਿਚ ਜਾ ਕੀਤੀਆਂ

ਦੋ ਕ਼ੈਸ ਨਾ' ਗੱਲਾਂ

ਲੈ ਗਿਆ ਜਿੰਦੜੀ ਰੋਲ ਕੇ

ਵਿਚ ਥਲਾਂ ਤੇ ਝੱਲਾਂ,

ਜਾਨ ਨਿਮਾਣੀ ਰੁੰਨਦੀ, ਡਾਢਾ ਮੰਨੇ- 

ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ।

ਡੂੰਘੇ ਥਲ ਵਿਚ ਉਤਰਿਆ

ਤੇਰਾ ਬਾਜ਼ ਅਰਾਕੀ,

ਸਿਰਿ ਕਿਲਕਾਰੀ ਮਾਰਦਾ

ਤਿਰਾ ਰੂਹ ਹੁਸ਼ਨਾਕੀ,

ਤੁਰ ਗਏ ਤੋਸ਼ਾ ਲੁੱਟ ਕੇ, ਕੁਝ ਲੋਕ ਨਿਕੰਮੇ— 

ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ।

“ਪੈੜ ਬਿਨਾਂ ਕੁਝ ਲੱਭਿਆ ?”

ਗੱਲ ਕਰੇ ਲੋਕਾਈ,

ਮੱਚਦੇ, ਥਲਾਂ ਦੇ ਪਾਰ ਤੋਂ

ਮੇਰੀ ਵਾਜ ਆਈ,

ਮੈਨੂੰ ਸਮਝਾਉਂਦੇ ਸੋਹਣਿਆਂ, ਉੱਠ ਹੰਨੇ ਹੰਨੇ— 

ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ।

ਜੋ ਤੂੰ ਕਸਕਾਂ ਮਾਰਦੈਂ 

ਲੁੱਟ ਲੈਂਦੀਆਂ ਗਹਿਰਾਂ,

ਸੁਣ ਢੋਲ ਦਾ ਡੱਗਾ ਡਿੱਗਦੀ 

ਗ਼ਸ਼ ਖਾ ਵਿਚ ਵਿਚ ਕਹਿਰਾਂ,

ਤਿੜ ਦੇ ਹੇਠਾਂ ਲੁਕੇ ਨੇ, ਮੇਰੇ ਬੋਲ ਦੋ ਨੰਨੇ— 

ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ।

ਬਹਿ ਫ਼ਰਿਆਦਾਂ ਕੀਤੀਆਂ 

ਤੇਰੇ ਰੁੱਖ ਦੀ ਛਾਵੇਂ

ਪੀਲਾ ਪੱਤਰ ਚੁੱਕਿਆ

ਮੈਂ ਸੂਰਜ ਸਾਹਵੇਂ,

ਕਿਸ ਲਈ ਅਸੀਂ ਫ਼ਕੀਰ ਹਾਂ, ਵਿਚ ਮਾਰੂ ਲੰਮੇ

ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ।

ਸੰਖ ਜਦੋਂ ਕੁਰਲਾਂਵਦਾ

ਚੜ੍ਹ ਸਿਖਰ ਦੁਪਹਿਰਾਂ,

ਹੂੰਗਰ ਕਾਲੇ ਖੂਹ ਦੀ

ਵਿਚ ਉੱਠਦੀ ਗਹਿਰਾਂ,

ਕੋਈ 'ਵਾਜ ਅੱਲਾਹ ਦੇ ਹਾਣ ਦੀ, ਪਈ ਕੱਪਰ ਭੰਨੇ- 

ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ।

ਈਦ ਦੇ ਚੰਨ ਨੂੰ ਡੱਕਣਾ 

ਹਈ ਵੱਸ ਤੈਂਡੇ, 

ਸ਼ਹਿ ਕੇ ਦੀਦ 'ਚ ਬੈਠ ਗਏ

ਮਿਰੇ ਸ਼ੌਕ ਦੇ ਪੈਂਡੇ, 

ਪਲਕ ਦੇ ਓਹਲੇ ਛਿਪੇ ਨੇ, ਮਿਰੀ ਰਿਸ਼ਮ ਦੇ ਪੰਨੇ— 

ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ।

ਪੈੜ ਨੂੰ ਕਿਸ ਲਈ ਤੱਕਨਾ ?

ਕਿਉਂ ਰੁੱਤ ਮਹੀਨਾ ?

ਮਹਿਰਮ ਬੋਲ ਪੁਗਾਂਵਦਾ

ਚੁੱਕ ਖਿੰਡਿਆ ਚੀਨਾ;

ਲੰਘ ਗਈ ਰਾਤ ਉਦਾਸਿਆਂ, ਦਿਹੁੰ ਚੜ੍ਹਣ ਸੁਵੰਨੇ-

ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ।

ਸੁਣ! ਯਾਰ ਖ਼ੁਦਾਈ ਕੂਕਦੀ

ਮੇਰੀ ਨਜ਼ਰ ਜਾਂ ਉੱਠੇ,

ਇਸ ਸੰਘਣੇ ਝੱਲ ਵਿਚ ਕਿਤੇ ਤਾਂ

ਮੇਰੇ ਜਾਮਨ ਸੁੱਤੇ

ਉਹੀਓ ਸ਼ਾਹਦ, ਤੇ ਪੱਤਣਾਂ, 'ਤੇ ਉਹੀਓ ਵੰਨੇ— 

ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ। 

ਦਰ-ਦਰਵਾਜ਼ੇ ਸੁੱਤਿਆ, ਮੇਰੀ ਨਜ਼ਰ ਮੰਨੇ।

📝 ਸੋਧ ਲਈ ਭੇਜੋ