ਥੱਈਆ ਥੱਈਆ ਪੈਂਦੀ ਧਮਾਲ ਯਾਰ, 

ਪਿਆ ਬੇਪ੍ਰਵਾਹੀਆਂ ਨੂੰ ਹਾਲ ਯਾਰ।

ਕਾਈ ਲੋੜ ਲੋੜ ਸਾਨੂੰ ਤਬੀਬਾ ਵੇ 

ਸਾਂਭ ਗ਼ੈਬ ਦੇ ਭੇਦਾਂ ਨੂੰ ਬੀਬਾ ਵੇ 

ਮੁੱਖ ਤੱਕਨੇ ਦਾ ਸ਼ੌਕ ਹਬੀਬਾ ਵੇ, 

ਕੁੱਝ ਰੱਖ ਦਰਵੇਸ਼ਾਂ ਦਾ ਖ਼ਿਆਲ ਯਾਰ- 

ਥੱਈਆ ਥੱਈਆ ਪੈਂਦੀ ਧਮਾਲ ਯਾਰ।

ਹੋਇਆ ਨਦੀ ਤੇ ਬੇਲਾ ਬੇਹਾਲ ਵੇ 

ਰਵੀ-ਚੰਨ ਅਰਸ਼ ਦੇ ਨਾਲ ਵੇ 

ਚੜ੍ਹੀ ਖ਼ੂਨ ਦੀ ਚਰਖੜੀ ਲਾਲ ਵੇ, 

ਪਿਆ ਬੇਲਿਆਂ ਵਿਚ ਭੁਚਾਲ ਯਾਰ- 

ਥੱਈਆ ਥੱਈਆ ਪੈਂਦੀ ਧਮਾਲ ਯਾਰ।

ਚੜ੍ਹੀ ਗਜ਼ਬ ਦੀ ਚਮਕਦੀ ਛੱਲ ਵੇ 

ਟੁੱਟੇ ਤੇਗ ਵਿਚ ਅਰਸ਼ ਦੇ ਝੱਲ ਵੇ 

ਸੁੱਟੀ ਹੱਸ ਕੇ ਯਾਰ ਦੀ ਗੱਲ ਵੇ, 

ਸਾਡੇ ਨਾਜ਼ ਦੀ ਅੱਥਰੀ ਚਾਲ ਯਾਰ- 

ਥੱਈਆ ਥੱਈਆ ਪੈਂਦੀ ਧਮਾਲ ਯਾਰ।

ਸਾਨੂੰ ਬੇਪ੍ਰਵਾਹਾਂ  ਵਿਚ ਭਾਲ ਵੇ 

ਸਾਥੋਂ ਸਾਡੀ ਝੱਲੀ ਜਾਏ ਝਾਲ ਵੇ 

ਹੋਇਆ ਹੱਸਦਿਆਂ ਅੱਥਰੂ ਲਾਲ ਵੇ, 

ਜ਼ਰਾ ਸੁੱਟ ਹੁਸਨਾਂ ਦਾ ਜਾਲ ਯਾਰ- 

ਥੱਈਆ ਥੱਈਆ ਪੈਂਦੀ ਧਮਾਲ ਯਾਰ।

ਜ਼ਰਾ ਹੋ ਨਜ਼ਾਰੇ ਦਾ ਚੋਰ ਵੇ

ਜ਼ਰਾ ਫੜ ਤੇਗਾਂ ਦਾ ਸ਼ੋਰ ਵੇ

ਵਾਗ-ਰਕਾਬ ਦੀ ਲੋੜ ਵੇ

ਸਾਨੂੰ ਹਸ਼ਰ ਦਾ ਦੱਸ ਹਵਾਲ, ਯਾਰ— 

ਥੱਈਆ ਥੱਈਆ ਪੈਂਦੀ ਧਮਾਲ ਯਾਰ

ਸੁੱਟ ਥਲਾਂ ਦੇ ਬੁਰੇ ਤੇ ਅੱਗ ਵੇ 

ਰਗ ਖਿੱਚ ਤੇਗਾਂ ਦੀ ਵੱਗ ਵੇ 

ਝੱਲੇ ਅਰਸ਼ਾਂ ਦੇ ਮੁਖ ਝੱਗੋ-ਝੱਗ ਵੇ, 

ਦੀਨ-ਮਜ਼੍ਹਬ ਦਾ ਰਿਹਾ ਖ਼ਿਆਲ ਯਾਰ- 

ਥੱਈਆ ਥੱਈਆ ਪੈਂਦੀ ਧਮਾਲ ਯਾਰ।

ਤੇਰੇ ਰੰਗਾਂ ਦਾ ਸ਼ੋਰ ਯਾਰ ਵੇ, 

ਤੇਰਾ ਹੁਸਨ, ਤੂੰਹੀਉਂ ਕਰ ਪਾਰ ਵੇ, 

ਤੇਰੀ ਨਜ਼ਰ ਏ, ਜਿੱਤ ਜਾਂ ਹਾਰ ਵੇ, 

ਜ਼ਰਾ ਆਪਣਾ ਲੁੱਟ ਕਮਾਲ ਯਾਰ- 

ਥੱਈਆ ਥੱਈਆ ਪੈਂਦੀ ਧਮਾਲ ਯਾਰ।

ਰੁਲੇ ਹਾਲ ਬਾਜ਼ਾਰਾਂ ਦੇ ਵਿਚ ਵੇ 

ਬੀਬਾ ਤੀਰ ਨਜ਼ਰ ਦਾ ਖਿੱਚ ਵੇ, 

ਕਿੱਥੇ ਕਰਮ ਤੇ ਸਿਤਮ ਦੀ ਵਿੱਥ ਵੇ

ਤੇਰੇ ਸਿਤਮ ਕੋਲ ਮਿਹਰ ਦਾ ਮਾਲ ਯਾਰ- 

ਥੱਈਆ ਥੱਈਆ ਪੈਂਦੀ ਧਮਾਲ ਯਾਰ।

ਵੱਡੇ ਕੋਟਾਂ ਦੀ ਟੁੱਟੀ ਦੀਵਾਰ ਵੇ 

ਲੁੱਟੇ ਸੂਰਜਾਂ ਦਾ ਹੋਰ ਗੁਬਾਰ ਵੇ 

ਅੱਗ ਰਾਤਾਂ ਤੇ ਸੁੱਟੇ ਬੇਸ਼ੁਮਾਰ ਵੇ– 

ਚੜ੍ਹਿਆ ਤਾਰਿਆਂ ਗਜ਼ਬ ਦਾ ਸਾਲ ਯਾਰ- 

ਥੱਈਆ ਥੱਈਆ ਪੈਂਦੀ ਧਮਾਲ ਯਾਰ।

ਗਏ ਜ਼ਿਮੀਂ ਦੇ ਸਬਰ ਨਿਖੁੱਟ ਵੇ 

ਪਈ ਪੈਰਾਂ ਦੇ ਕੁਫ਼ਰ ਦੀ ਲੁੱਟ ਵੇ 

ਖ਼ੂਨੀ ਅੱਡੀਆਂ ਦੇ ਤਾਲ 'ਚੋਂ ਫੁੱਟ ਵੇ, 

ਨਜ਼ਰਾਂ ਵਾਲਿਆ ਸਾਨੂੰ ਸੰਭਾਲ ਯਾਰ- 

ਥੱਈਆ ਥੱਈਆ ਪੈਂਦੀ ਧਮਾਲ ਯਾਰ।

ਸਾਡਾ ਕੁਫ਼ਰ ਸਾਡੜੇ ਵੱਸ ਵੇ

ਪਿਆ ਨਜ਼ਰਾਂ ਦਾ ਪੈਰਾਂ ਨੂੰ ਕੱਸ ਵੇ

ਝਾਲ ਝੱਲੀ ਜਾਏ, ਏਥੋਂ ਨੱਸ ਵੇ, 

ਅਸੀਂ ਬੇਪ੍ਰਵਾਹੀਆਂ ਦੇ ਨਾਲ ਯਾਰ-

ਥੱਈਆ ਥੱਈਆ ਪੈਂਦੀ ਧਮਾਲ ਯਾਰ।

ਨੈਣਾਂ ਵਾਲਿਆ ਨੈਣਾਂ ਦੀ ਸ਼ਰਮ

ਘੁੰਡ ਚੁੱਕਿਆ ਰਿਹਾ ਕੁਈ ਧਰਮ

ਬੱਝਾ ਜ਼ਰਾ ਵਿਚ ਤੇਰਾ ਵੀ ਕਰਮ ਨ,

ਵਿਰਦ ਦੇਸ ਪੰਜਾਬ ਦਾ ਪਾਲ ਯਾਰ-

ਥੱਈਆ ਥੱਈਆ ਪੈਂਦੀ ਧਮਾਲ ਯਾਰ।

ਡਾਢੀ ਦੇਸ਼ ਪੰਜਾਬ ਦੀ ਗੱਲ ਵੇ

ਛੁੱਟੀ ਹੰਝੂ 'ਚੋਂ ਖ਼ੂਨ ਦੀ ਛੱਲ ਵੇ

ਜੀਵੇਂ ਤਕ ਮੁਲਖਾਂ ਦੇ ਵੱਲ ਵੇ

ਰੋਂਦੇ ਦੇਸ ਪੰਜਾਬ ਦੇ ਬਾਲ ਯਾਰ-

ਥੱਈਆ ਥੱਈਆ ਪੈਂਦੀ ਧਮਾਲ ਯਾਰ।

ਜਦੋਂ ਪਈ ਸ਼ਮਸ਼ੀਰਾਂ ਦੀ ਛੱਲ ਵੇ

ਡੁੱਬੇ ਗ਼ਸ਼ ਖਾ ਥਲਾਂ ਦੇ ਥਲ ਵੇ

ਉੱਠੇ ਖ਼ੂਨੀ ਸਮੁੰਦਾਂ ਚੋਂ ਬਲ ਵੇ,

ਪੀਣ ਛਾਲਿਆਂ ਵਾਲਾ ਗੁਲਾਲ ਯਾਰ- 

ਥੱਈਆ ਥੱਈਆ ਪੈਂਦੀ ਧਮਾਲ ਯਾਰ।

ਜੀਵੇਂ ਪਾ ਕਤੇਬਾਂ ਦੇ ਵੱਸ ਵੇ 

ਸ਼ੁਤਰ ਬੇਮੁਹਾਰਾਂ ਤੇ ਨੱਸ ਵੇ 

ਖ਼ਤ ਦੇਣੇ ਜਾ ਯਾਰਾਂ ਨੂੰ ਰੱਤ ਦੇ, 

ਦੇਣਾ ਕੌਲ ਸ਼ਹੀਦਾਂ ਦਾ ਪਾਲ ਯਾਰ- 

ਥੱਈਆ ਥੱਈਆ ਪੈਂਦੀ ਧਮਾਲ ਯਾਰ।

📝 ਸੋਧ ਲਈ ਭੇਜੋ