ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ। 

ਤੱਕਿਆ ਰਾਹ ਨਾਬੂਦ ਤੇ, ਪਰਛਾਵਾਂ ਤੇਰਾ। 

ਨਿੰਮੋਝੂਣ ਨੇ ਬੈਠੀਆਂ 

ਸਿਰ ਸੁੱਟ ਰਕਾਨਾਂ, 

ਕਾਲੇ ਜਲ ਚੋਂ ਉੱਠ ਕੇ 

ਕੁਰਲਾਉਂਦੀਆਂ ਜਾਨਾਂ, 

ਅੱਧੀ ਰਾਤ ਨੂੰ ਕੂਕੀਆਂ

ਚਹੁੰ ਕੁੰਟ ਜੀਰਾਣਾਂ;

ਸੰਸਾ ਫੜਿਆ ਜਿੰਦ ਨੇ, ਨਾ ਸਾਬਤ ਜੇਰਾ। 

ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ।

ਪੀਲੇ ਪੱਤਰ ਨਾਲ ਨ 

ਮੇਰੀ ਖੇਡ ਵਿਹਾਣੀ, 

ਥਲ-ਉਦਿਆਨ 'ਚ ਕਿਤੇ ਤਾਂ 

ਮੇਰੀ ਅਰਜ਼ ਦੇ ਪਾਣੀ

ਬਾਜ਼ ਨਜ਼ਰੀਂ ਆਂਵਦਾ

ਕੂਕ ਪੁਰਾਣੀ,

ਸੁੰਨ-ਦਰਿਆ ਵਿਚ ਕਦੋਂ ਦਾ, ਢਹਿ ਪਿਆ ਬਨੇਰਾ, 

ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ।

ਪੁਰਸਲਾਤ ਤੋਂ ਦਿਸੇ ਪਈ

ਹਾਂ, ਮਜਲਸ ਕੋਈ,

ਹਿੱਕ ਮੇਲੇ ਦੀ ਯਾਦ ਵੀ

ਭਰ ਅੱਖੀਏਂ ਚੋਈ,

ਅੰਬਾਂ ਦੀ ਛਾਂ ਹੇਠ ਸੀ

ਕਦੇ ਜਿੰਦੜੀ ਰੋਈ,

ਵਹਿ ਗਿਆ ਲਹੂ ਦੇ ਪਾਣੀਏਂ, ਦਰਵੇਸ਼ ਦਾ ਡੇਰਾ, 

ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ।

ਵੱਡੇ ਤਕੜੇ ਰੋਂਦੀਆਂ

ਭਰ ਨੀਰ ਰਕਾਨਾਂ,

"ਬਾਗ਼ਾਂ ਦੇ ਵਿਚ ਖੇਡ ਕੇ

ਤੁਰ ਜਾਏਂ ਜੁਆਨਾਂ"

ਟਿੱਲੇ 'ਤੇ ਬਹਿ ਦੇਂਵਦੇ

ਮੇਰੇ ਯਾਰ ਅਜ਼ਾਨਾਂ,

ਮਾਣ ਕਰਾਂ ਕੀ ਯਾਰ 'ਤੇ, ਮੁੜ ਪਾਏ ਨਾ ਫੇਰਾ, 

ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ।

ਪਾਇਆ ਰੇਤ ਦੇ ਬੁੱਤ ਨੂੰ

ਚਹੁੰ ਕੁੰਟਾਂ ਘੇਰਾ,

ਮੰਗਦਾ ਪਿਆ ਹਿਸਾਬ ਹੈ

ਇਕ ਸਜਦਾ ਮੇਰਾ,

ਭਰੇ ਹੋਏ ਦਰਿਆ ਜਿਉਂ

ਦਿਲ ਸਿੱਕਦਾ ਤੇਰਾ,

ਸੁਣਦਾ ਪਿਆ ਫ਼ਕੀਰ ਨੂੰ, ਕੋਈ ਸੁਖਨ ਉਚੇਰਾ- 

ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ। 

ਤੱਕਿਆ ਰਾਹ ਨਾਬੂਦ ਤੇ, ਪਰਛਾਵਾਂ ਤੇਰਾ।

📝 ਸੋਧ ਲਈ ਭੇਜੋ