ਬਚਪਨ ਵਿੱਚ
ਖੁੱਲ੍ਹ ਕੇ ਹੱਸਦੇ
ਰੱਜ ਕੇ ਖੇਡਦੇ
ਨਾ ਕੋਈ ਡਰ
ਨਾ ਕੋਈ ਫ਼ਿਕਰ
ਜਦੋਂ ਤਕ
ਅਹਿਸਾਸ ਨਹੀਂ ਸੀ ਕੁੜੀ ਹਾਂ
ਫਿਰ ਸਭ ਬਦਲ ਗਿਆ
ਨ੍ਹੇਰੇ ਬਾਹਰ ਨਾ ਜਾਣਾ
ਵੇਲੇ ਸਿਰ ਮੁੜ ਆਉਣਾ
ਲੱਤਾਂ ਜੋੜ ਕੇ ਬਹਿਣਾ
ਛਾਤੀ ਢੱਕ ਕੇ ਰੱਖਣਾ
ਅਸੁਰੱਖਿਆ ਦੀ ਭਾਵਨਾ ਵਿੱਚ ਜੀਣਾ
ਕਿਸੇ ਮੁੰਡੇ ਨਾਲ ਬੋਲਣ ਦੀ ਆਜ਼ਾਦੀ ਨਾ ਹੋਣਾ
ਤੇ ਇੱਕ ਦਿਨ
ਇਕ ਪਰਾਏ ਮੁੰਡੇ ਨਾਲ
ਹਮੇਸ਼ਾਂ ਲਈ ਤੋਰ ਦਿੱਤਾ ਗਿਆ
ਉਹ ਕਦੇ ਆਪਣਾ ਹੁੰਦਾ
ਕਦੇ ਪਰਾਇਆ ਹੋ ਜਾਂਦਾ
ਕੋਈ ਨਾ ਕੋਈ ਭੁੱਖ
ਉਸ ਨੂੰ ਦੁਆਲੇ ਹੀ ਰੱਖਦੀ
ਕਦੇ ਬਾਲਣ ਤੇ ਰੋਟੀਆਂ ਲਾਹੁੰਦੀ
ਕਦੇ ਆਪ ਬਾਲਣ ਹੋ ਜਾਂਦੀ
ਇਸ ਭੁੱਖ ਵਿੱਚੋਂ ਉਪਜੇ
ਦੋ ਫੁੱਲ
ਜਿਨ੍ਹਾਂ ਨੂੰ ਸਾਂਭ ਸਾਂਭ ਰੱਖਦੀ
ਸੋਚਦੀ ਇਹ ਜ਼ਿੰਦਗੀ ਦਾ ਸਰਮਾਇਆ
ਕੁਝ ਸਾਲਾਂ ਬਾਅਦ
ਉਹ ਵੀ ਪਰਾਏ ਹੋ ਗਏ
ਹਰ ਰਿਸ਼ਤਾ
ਸਮੇਂ ਨਾਲ
ਮੇਰਾ ਨਾਂ ਰਿਹਾ
ਅੰਦਰੋ ਅੰਦਰ
ਧੁਖ਼ਦੀ ਰਹੀ
ਕੋਸ਼ਿਸ਼ ਕੀਤੀ
ਮੇਕਅੱਪ ਅਤੇ ਗਹਿਣਿਆਂ ਨਾਲ
ਚਮਕ ਬਰਕਰਾਰ ਰੱਖਣ ਦੀ
ਅੰਦਰੋਂ ਸਿਉਂਕ ਲੱਗੀ ਹੋਵੇ
ਤਾਂ ਬੂਟੇ ਨੂੰ
ਪਾਣੀ ਹਰਾ ਨਹੀਂ ਕਰਦਾ