ਸੱਚ ਪੁੱਛੇਂ ਤਾਂ ਸੱਚ ਆਖਾਂ ਮੈਂ
ਹੁਣ ਉਹ ਗਲ ਨਹੀਂ।
ਸੂਰਜ ਉਹ ਹੈ
ਚੰਨ ਵੀ ਓਹੀ
ਪਰ ਉਹ ਦਿਨ ਨਹੀਂ
ਨਾ ਉਹ ਰਾਤਾਂ।
ਭਾਵੇਂ ਜ਼ਿੰਦਗੀ ਮਾਰੂ ਥਲ ਨਹੀਂ,
ਪਰ ਖਿੜ ਕੇ ਹੈ ਮੁਰਝਾ ਜਾਂਦੀ
ਇਹ ਕੋਈ ਨਿੱਤ ਹੀ ਹਰਿਆਵਲ ਨਹੀਂ
ਠੀਕ ਏ ਸਜਣਾ
ਮੰਨਦੀ ਹਾਂ ਮੈਂ,
ਯਾਦ ਨੇ ਮੈਨੂੰ ਸਭ ਉਹ ਬਾਤਾਂ,
ਭੁੱਲਿਆ ਤੇ ਨਹੀਂ
ਉਠਦੇ ਜੋਬਨ ਦਾ ਜੋ ਮੂਲ ਸੀ,
ਦਿਲ ਮੇਰਾ ਜਦ
ਸੂਰਜ-ਮੁਖੀਆ ਸਜਰਾ ਫੁਲ ਸੀ
ਤੇਰੇ ਮੁਖ ਦੀਆਂ ਨੂਰ-ਸੁਆਵਾਂ
ਪੀ ਪੀ ਖਿੜਦਾ
ਤੇਰੀਆਂ ਚਾਨਣ-ਭਿਜੀਆਂ ਵਾਵਾਂ
ਨਾਲ ਝੂਮਦਾ।
ਤੈਨੂੰ ਵੇਖ ਕੇ
ਨਾੜੀਂ ਜੰਮਿਆਂ ਖ਼ੂਨ ਸੀ ਗਿੜਦਾ
ਤੈਨੂੰ ਭਾਵੇਂ ਸਾਰ ਨਹੀਂ ਸੀ
‘ਹਉਂ ਘੋਲੀ ਮੈਂ ਘੋਲ ਘੁਮਾਈ।’
ਯਾਦ ਨੇ ਸਭ ਉਹ ਮਹਿਕਦੇ ਪਲ ਵੀ
ਜਾਂਦੀ ਭੁੱਲ ਸੀ
ਸੁਧ ਬੁਧ ਜਗ ਦੀ
ਇਕ ਬੁਲ੍ਹ ਛੋਹ ਦਾ
ਜਦ ਇਕ ਜਿੰਦੜੀ ਥੋੜ੍ਹਾ ਮੁਲ ਸੀ।
ਸਭ ਸ੍ਰਿਸ਼ਟੀ ਦਾ
ਇਕ ਗਲਵੱਕੜੀ ਵਿਚ ਸਿਮਟਣਾ।
ਨੂਰ ਦੀ ਬੱਤੀ ਸੰਗ ਲਿਪਟਣਾ
ਇਸ ਮਿੱਟੀ ਦਾ।
ਕੱਕਰ ਹੋਈਆਂ ਰਾਤਾਂ ਵਿਚ ਉਹ
ਖੇਡ ਅੱਗ ਦੀ।
ਜਦ ਚਾਹਿਆ ਸੀ
ਏਥੇ ਸਮੇਂ ਦਾ ਗੇੜਾ ਰੁੱਕੇ
ਏਥੇ ਦਿਲ ਦੀ ਵਿਥਿਆ ਮੁੱਕੇ।
ਯਾਦ ਨੇ ਪਹਿਲੀਆਂ ਪਹਿਲ ਜੁਦਾਈਆਂ
ਦਿਲ ਨੂੰ ਚੀਰ ਕੇ ਲੰਘਦਾ ਹਰ ਪਲ
ਕੱਟਣੀ ਰਾਤ ਕਿ ਪਰਬਤ ਕੱਟਣਾ
ਦਿਹੁੰ ਰੇਤਲੇ ਦੇ ਭਖਦੇ ਥਲ
ਘੜੀ ਵਿਛੋੜਾ ਕਲਜੁਗ ਹੋਣਾਂ
ਜਦ ਸੀ ਮੁਸ਼ਕਲ ਦਰਦ ਲਕੋਣਾ।
ਹੁੰਦਿਆਂ ਹੁੰਦਿਆਂ,
ਤੇਰੀ ਮੂਰਤ ਦਿਲ ਵਿਚ ਰਖਣਾ
ਨੇਮ ਹੋ ਗਿਆ,
ਸੌ ਵਲ ਪਾ ਕੇ ਤੈਨੂੰ ਮਿਲਣਾ
ਫ਼ਰਜ਼ ਸਮਝਿਆ।
ਨਿੱਤ ਨੇਮ ਵੀ ਨਿਤ ਦਾ ਪੁਗਦੇ
ਔਖਾ ਹੁੰਦਾ ਫ਼ਰਜ਼ ਦਾ ਨਿਭਣਾ
ਸੌ ਵਲ ਪਾ ਕੇ।
ਤੂੰ ਮੂਰਖ ਏਂ
ਤੈਨੂੰ ਅਜੇ ਵੀ ਝੱਲ ਉਠਦਾ ਏ।
ਤੂੰ ਨਾ ਸਮਝੇਂ
ਨਿਤ ਨਹੀਂ ਖਿੜਦੀਆਂ ਸੂਰਜ-ਮੁਖੀਆਂ
ਸੂਰਜ ਭਾਵੇਂ ਨਿੱਤ ਚਮਕਦਾ।
ਹੁਣ ਤਾਂ ਜੇ ਸੱਚ ਪੁੱਛੇਂ ਪਿਆਰੇ
ਸੱਚ ਆਖਾਂ ਮੈਂ ਸੱਚ ਕਰ ਜਾਣੀ
ਕਦੀ ਕਦਾਈਂ ਐਵੇਂ ਤਰਸ ਜਿਹਾ ਆ ਜਾਂਦਾ।
ਬੁਝ ਚੁੱਕੇ ਹਨ ਸਭ ਅੰਗਿਆਰੇ
ਹੁਣ ਤੂੰ ਐਵੇਂ ਭੁੱਬਲ ਫੋਲੇਂ ।
ਚੜ੍ਹ ਕੇ ਲਹਿ ਗਏ ਪ੍ਰੀਤ ਦੇ ਪਾਣੀ,
ਐਵੇਂ ਉਮਰ ਬਰੇਤੀ ਉਤੋਂ
ਸਿੱਪੀਆਂ ਘੋਗੇ ਪਿਆ ਵਿਰੋਲੇਂ।
ਹੁਣ ਨਹੀਂ ਉਹ ਗੱਲ
ਉਹ ਗੱਲ ਹੁਣ ਨਹੀਂ।
ਹੁਣ ਤਾਂ ਪੋਹ ਦੇ ਪੱਤਰ ਝੜਦੇ
ਬੀਤ ਗਈਆਂ ਸਾਵਣ ਬਰਸਾਤਾਂ।
ਸੂਰਜ ਉਹ ਹੈ
ਚੰਨ ਵੀ ਓਹੀ
ਪਰ ਉਹ ਦਿਨ ਨਹੀਂ ਨਾ ਉਹ ਰਾਤਾਂ।