ਸ਼ਹਿਰ ਕੋਈ ਵੀ ਹੋਵੇ
ਭਵੰਡੀ ਮੇਰਠ ਜਾਂ ਨਾਗਪੁਰ
ਪੱਜ ਕੋਈ ਵੀ ਹੋਵੇ
ਮਸਜਦ ਦੇ ਗੁੰਬਦ ਤੋਂ ਉੱਚਾ ਵਾਜੇ ਦਾ ਸ਼ੋਰ
ਪਿੱਪਲ ਦੇ ਟਾਹਣੇ ਤੋਂ ਉੱਚੇ ਤਾਜੀਆਂ ਦਾ ਜਲੂਸ
ਗਊ ਮਾਤਾ ਦੀ ਰੱਖਿਆ,
ਬੱਚਿਆਂ ਦਾ ਪਤੰਗ ਲੁੱਟਣ ਤੇ ਝਗੜਾ
ਜਾਂ ਕੋਈ ਹੋਰ
ਪਹਿਲਾਂ ਹੀ ਤਿਆਰ ਹੁੰਦੇ ਨੇ ਛੁਰੇ ਬਰਛੇ ਪਸਤੌਲ ਤੇ ਦਸਤੀ ਬੰਬ।
ਸ਼ਹਿਰ ਕੋਈ ਵੀ ਹੋਵੇ
ਪੱਜ ਕੋਈ ਵੀ ਹੋਵੇ
ਧਰਮ ਨਿਰਪੱਖਤਾ ਦਾ ਤਕਾਜ਼ਾ ਹੈ
ਫਿਰਕਿਆਂ ਦਾ ਨਾਂ ਲੈਣਾ ਠੀਕ ਨਹੀਂ
ਇੱਕੋ ਤਰ੍ਹਾਂ ਛਪਦੀ ਹੈ ਵਾਰਦਾਤ ਦੀ ਖ਼ਬਰ
ਜਿਸਨੂੰ ਪੜ੍ਹਕੇ ਦੁੱਖ ਹੋਣਾ
ਅੱਖਾਂ 'ਚੋਂ ਅੱਥਰੂ ਟਪਕਣਾ
ਜਾਂ ਖ਼ੂਨ ਖੌਲਣਾ ਤਾਂ ਕਿਤੇ ਰਿਹਾ
ਹੁਣ ਤਾਂ ਇਹਨਾਂ ਚੋਂ ਕੁਝ ਵੀ ਨਾ ਹੋਣ ਤੇ
ਸ਼ਰਮ ਵੀ ਨਹੀਂ ਆਉਂਦੀ।
ਮੈਂ ਜਾਣਦਾ ਹਾਂ
ਸਰਕਾਰੀ ਅੰਕੜਿਆਂ
ਅਖ਼ਬਾਰੀ ਅੰਦਾਜ਼ਿਆਂ
ਤੇ ਮਰਨ ਵਾਲਿਆਂ ਦੀ
ਅਸਲ ਗਿਣਤੀ ਵਿਚ ਕਿੰਨਾ ਫ਼ਰਕ ਹੁੰਦਾ ਹੈ।
ਕੁਝ ਦਿਨ ਬੇਹਿਸ ਜਹੀ ਬਹਿਸ ਹੋਏਗੀ।
ਕਰੜੇ ਅਨੁਸਾਸ਼ਨ ਬਾਰੇ
ਨਿਰਪੱਖ ਪ੍ਰਸ਼ਾਸ਼ਨ ਬਾਰੇ
ਇਕ ਦੂਜੇ ਦੀ ਗੱਲ ਸਮਝਣ ਤੇ ਸਹਿਣ ਬਾਰੇ
ਮਿਲ ਜੁਲ ਕੇ ਰਹਿਣ ਬਾਰੇ।
ਅਦਾਲਤੀ ਪੜਤਾਲ ਸ਼ੁਰੂ ਹੋਣ ਤੇ
ਹੜਤਾਲ ਖੁਲ੍ਹ ਜਾਏਗੀ
ਪੜਤਾਲ ਦੀ ਰਿਪੋਟ ਲਿਖੀ ਜਾਣ ਤਕ
ਬਹੁਤ ਸਾਰੇ ਲੋਕਾਂ ਨੂੰ
ਕਿੰਜ ਕਦ ਹੋਈ
ਵਾਰਦਾਤ ਭੁਲ ਜਾਏਗੀ
ਉਦੋਂ ਤਕ ਹੋਰ ਬਹੁਤ ਕੁਝ ਹੋਇਆ ਹੋਏਗਾ
ਕਿਸੇ ਹੋਰ ਸ਼ਹਿਰ ਵਿਚ
ਕਿਸੇ ਹੋਰ ਪੱਜ ਹੇਠ।