ਫੇਰ ਕਿਸੇ ਨੂੰ ਸਾਮ੍ਹਣੇ ਤੱਕ ਕੇ, ਸੋਚਾਂ ਨੂੰ ਤਰਸਾਣਾ ਕੀ ।
ਸੱਧਰਾਂ ਦੀ ਭੁੱਬਲ ਦੇ ਅੰਦਰ, ਮੁੜ-ਮੁੜ ਤੀਲੇ ਲਾਣਾ ਕੀ ।
ਹਾਲ ਦਿਲੇ ਦਾ ਅੱਖਾਂ ਰਾਹੀਂ, ਕਹਿਣਾ ਈ ਤੇ ਖੁੱਲ੍ਹ ਕੇ ਰੋ,
ਹਿਕ ਦੋ ਹੰਝੂ ਕੇਰ ਕੇ ਐਵੇਂ ਅਪਣਾ ਭਰਮ ਵਨਜਾਣਾ ਕੀ ।
ਯਾਰਾਂ ਅੱਗੇ ਫੋਲ ਕੇ ਦੁੱਖੜੇ, ਮੈਂ ਤੇ ਇਹ ਗੱਲ ਜਾਣੀ ਏ,
ਕੰਧਾਂ ਅੱਗੇ ਰੋਣਾ ਕੀ ਤੇ ਪੱਥਰਾਂ ਨੂੰ ਸਮਝਾਣਾ ਕੀ ।
ਰੋ-ਰੋ ਕਾਹਨੂੰ ਹੁਣ ਡਿਸਕੋਰੇ, ਭਰਨੈਂ ਯਾਰ ਨਾਦਾਨਾ ਵੇ,
ਜੇ ਕਰ ਪੋਂਦ ਨਾ ਸੋਚੀ ਹੋਵੇ, ਛੇਕੜ ਨੂੰ ਪਛਤਾਣਾ ਕੀ ।
ਹੱਕੀ ਗੱਲ ਏ ਅੱਜ ਦਾ ਬੰਦਾ, ਆਪੋ-ਆਪਣਾ ਵੈਰੀ ਏ,
ਕਰਮਾਂ ਮਾਰੇ ਹੋਰ ਕਿਸੇ ਤੇ, ਅੱਗੋਂ ਕਰਮ ਕਮਾਣਾ ਕੀ ।
ਉਹ ਜੇ ਨਹੀਂ ਤਾਂ ਉਹਦੇ ਵਰਗੇ, ਹੋਰ ਹਜ਼ਾਰਾਂ ਲੱਭਣਗੇ,
ਦਿਲ ਦਾ ਕੀ ਸਮਝਾਣਾ 'ਆਤਿਫ਼', ਬੱਚੇ ਦਾ ਵਲਚਾਣਾ ਕੀ ।