ਫ਼ਿਕਰਾਂ ਦੁੱਖਾਂ ਜ਼ਿਹਨ ਇਨ੍ਹਾਂ ਦੇ ਕੀਲੇ ਨੇ ।
ਨਿੱਕਿਆਂ ਬਾਲਾਂ ਦੇ ਅੱਜ ਚਿਹਰੇ ਪੀਲੇ ਨੇ ।
ਮੈਂ ਨਹੀਂ ਮੰਨਦਾ ਦਰਿਆ ਮੈਨੂੰ ਡੋਬ ਗਿਆ,
ਮੈਨੂੰ ਡੋਬਣ ਵਾਲੇ ਮੇਰੇ ਵਸੀਲੇ ਨੇ ।
ਦੁਖ ਦੀ ਦੀਮਕ ਅੰਦਰ ਲੱਗੀ ਸਭਨਾਂ ਨੂੰ,
ਤਨ ਤੇ ਕੱਪੜੇ ਭਾਵੇਂ ਅੱਤ ਚਮਕੀਲੇ ਨੇ ।
ਦਿਲ ਕਿਤਾਬ ਦਾ ਵਰਕਾ ਵਰਕਾ ਫੋਲਣ ਪਏ,
ਵੇਖਣ ਵਿਚ ਜੋ ਨੈਂਣ ਬੜੇ ਸ਼ਰਮੀਲ਼ੇ ਨੇ ।
ਮੈਂ ਚੱਖਿਆ ਏ ਜ਼ਾਇਕਾ ਸਭ ਦੇ ਲਹਿਜ਼ੇ ਦਾ,
ਏਸੇ ਲਈ ਤੇ ਮੇਰੇ ਸ਼ੇਅਰ ਕਟੀਲੇ ਨੇ ।
ਚੱਲੀ ਏ ਕੁਝ ਏਹੋ ਜਿਹੀ ਖ਼ੁਦਗ਼ਰਜ਼ ਹਵਾ,
ਸੱਜਣਾਂ ਦੇ ਵੀ ਲਹਿਜ਼ੇ ਅੱਜ ਨੋਕੀਲੇ ਨੇ ।
ਇੱਕੋ ਚਾਲ 'ਸਲੀਮ' ਨਾ ਚੱਲ ਤੂੰ ਸਭਨਾਂ ਨਾਲ,
ਨਾ ਤੇ ਸ਼ਾਹ ਨੇ ਸਾਰੇ, ਨਾ ਸਬ ਫ਼ੀਲੇ ਨੇ ।