ਫਿਰ ਆਵਾਂਗਾ ਮੈਂ ਉਦੋਂ

ਫਿਰ ਆਵਾਂਗਾ ਮੈਂ ਉਦੋਂ

ਜਦੋਂ ਬੇਸੁਰਤ ਹੋਈਆਂ ਸੋਚਾਂ ਅੰਦਰ ਚੇਤਨਾ ਪਰਤੀ 

ਪਥਰਾਈਆਂ ਅੱਖਾਂ ‘ਚ ਮੁੜ ਜਾਗੀ

ਗੁੰਮ ਗਏ ਪਲਾਂ ਦੀ ਤੀਬਰ ਤਲਾਸ਼ 

ਜਦੋਂ ਹਵਾ ‘ਚ ਘੁਲੀ ਰਤਾ ਕੁ ਠੰਢਕ 

ਘੁਲਿਆ ਜਜ਼ਬਿਆਂ ‘ਚ ਰਤਾ ਕੁ ਨਿੱਘ 

ਨਿਢਾਲ ਪਏ ਮਨ ‘ਚ ਜਾਗਿਆ ਧਰਵਾਸ 

ਉਮਰ ਦੀ ਲਗਰ ‘ਤੇ ਫੁੱਟੀ

ਆਸ ਦੀ ਨਵੀਂ ਕਰੂੰਬਲ

ਫਿਰ ਆਵਾਂਗਾ ਮੈਂ ਉਦੋਂ

ਜਦੋਂ ਕੋਈ ਮਿਲਿਆ ਸੰਕੇਤ

ਹੁਣ ਤੈਨੂੰ ਵੀ ਮੇਰੀ ਉਡੀਕ 

ਕੁਝ ਕੁ ਪਹਿਲਾ ਜਿਹਾ ਉਮਾਹ 

ਕੋਲ ਬੈਠਣ ਦਾ ਕੋਈ ਮਾਸੂਮ ਚਾਅ 

ਮੇਰੇ ਤੁਰਨ ਤੇ ਤੇਰੇ ਤਕ ਆਉਣ

ਪੂਰਵਲੇ ਪਲਾਂ ਵਿਚ ਕੁਝ ਵਾਪਰੇ 

ਬੇਮੌਸਮੀ ਬਾਰਸ਼ ਦੀ ਰਿਮ ਝਿਮ ਜਿਹਾ 

ਰਾਤ ਰਾਣੀ ਦੀ ਸੰਘਣੀ ਖੁਸ਼ਬੋ ਜਿਹਾ

ਟਿਕੀ ਰਾਤ ‘ਚ ਬੰਸਰੀ ਦੀ ਸੁਰ ਜਿਹਾ 

ਫਿਰ ਆਵਾਂਗਾ ਮੈਂ ਉਦੋਂ

📝 ਸੋਧ ਲਈ ਭੇਜੋ