ਫੇਰ ਦੁਪਹਿਰਾਂ ਆਈਆਂ

ਬੰਨ੍ਹ ਅਗਨ-ਵਹੀਰਾਂ,

ਲੂ ਵਿਚ ਕੋਹੇ ਕਾਫ਼ਲੇ

ਦੀਆਂ ਉਡਦੀਆਂ ਲੀਰਾਂ।

ਕੀ ਹੋਇਆ ਜੇ ਕਾਫ਼ਲੇ

ਇਸ ਥਲ ਵਿਚ ਕੋਹੇ ?

ਬੁੱਲਿਆਂ ਦੇ ਵਿਚ ਰੁਲਦੀਆਂ

ਕੰਬ ਰੋਣ ਜ਼ਮੀਰਾਂ।

ਚੜ੍ਹੇ ਕੁਸੈਲੇ ਬੁੱਲਿਆ,

ਖੰਭ ਫੇਰ ਤੂੰ ਮਾਰੀਂ-

ਮੇਰੇ ਖ਼ੂਨ 'ਚ ਰੱਖ ਜਾ

ਵਿਸ-ਭਰੀਆਂ ਪੀੜਾਂ।

ਕੰਬਦੀ ਮੇਰੀ ਇਕੱਲ ਤੇ 

ਥਲ ਤਪ ਤਪ ਚੜ੍ਹਿਆ, 

ਉਮਰਾਂ ਕਿੰਝ ਗੁਨਾਹ ਲੈ 

ਵਲ ਜਾਣ ਨਕੀਰਾਂ ?

ਗਠੜੀ ਅਮਲ ਦੀ ਕਦੋਂ ਦਾ 

ਚੁੱਕ ਥਲ ਵਿਚ ਤੁਰਿਆ,

ਕੀ ਰੇਤਾਂ ਵਿਚ ਪੁੱਛਦੀਆਂ, 

ਤਪ ਤਪ ਤਕਦੀਰਾਂ ?

“ਕਿਸ ਰਣ ਦਾ ਅਸਵਾਰ ਤੂੰ ?” 

ਸੁਣ ਨੀਵੀਂ ਪਾਵਾਂ, 

ਸਿਖਰ ਦੁਪਹਿਰੀਂ ਪੁੱਛਦੀਆਂ 

ਖੜ੍ਹ ਰਾਹ ਸ਼ਮਸ਼ੀਰਾਂ।

ਥਲਾ ਵੇ ਕਿੱਥੇ ਸੋਹਣੀਆਂ 

ਤੁਰ 'ਵਾਜਾਂ ਗਈਆਂ ?

ਸੁਣੇ ਬਾਲ ਇਸ ਉਮਰ ਦਾ

ਹਰ ਪਲ ਤਕਸੀਰਾਂ।

ਪੁੱਛਦੀ ਮੌਤ “ਮੈਂ ਰੱਬ ਦੇ 

ਜਦ ਨਾਮ ਤੋਂ ਹੀਣੀ,

ਕੀ ਮੈਂ ਡਾਢੀ ? ਲਾਈ

ਤਕ ਹੇਕ ਫ਼ਕੀਰਾਂ।”

ਸੁਣ ਮੌਤੇ ਨਾਂਹ ਦਿਲਾਂ ਦੇ

ਜਦ ਰੰਗ ਬੇਗਾਨੇ,

ਥਲ ਸੀਨੇ ਰੰਗ ਤੈਂਡੜੇ

ਕਢ ਦੇਣ ਸਮੀਰਾਂ।

ਮੋਹ ਜਦ ਪਰਦੇਸ ਵਿਚ, 

ਕੋ ਬੀਜ ਰੁੱਤਾਂ। 

ਗੋਦ ਇਕੱਲਾਂ ਲੀਤੀਆਂ

ਮਾਂ ਨੈਣ ਦੇ ਨੀਰਾਂ।

ਉਦੋਂ ਕਹਿਰ ਨ, ਥਲਾਂ ਦੇ

ਬਸ ਭਰੇ ਸੀ ਮੇਲੇ,

ਜਦ ਸਨ ਪੀਲੂ ਪੱਕੀਆਂ

ਰੰਗ ਭਰੇ ਕਰੀਰਾਂ।

ਅਜ਼ਲ ਤੋਂ ਅਬਦਾਂ ਤੀਕਰਾਂ 

ਜੋ ਸੁਪਨਾ ਜਾਵੇ, 

ਉਸਦੀਆਂ ਥਲ ਦੇ ਕਹਿਰ ਨੂੰ 

ਚੁੰਮ੍ਹ ਜਾਣ ਲਕੀਰਾਂ।

ਅਉਧ ਵਿਹਾਣੀ ਕਾਲਿਆਂ 

ਜਦ ਕੇਸਾਂ ਸੰਦੀ,

ਰੰਗ ਅਤੀਤ ਦੇ ਵੇਖਦੀ 

ਮੈਂ ਨਦੀਆਂ ਚੀਰਾਂ।

ਖ਼ਿਆਲ ਅਜ਼ਲ ਦੀ ਅੱਗ ਤਕ

ਕਿਉਂ ਕਰੇ ਪੈਂਡੇ ?

ਜੇਕਰ ਸੂਰਜ ਚੜ੍ਹੇ ਨਾਂਹ 

ਕੰਬ ਜਾਣ ਆਖ਼ੀਰਾਂ।

ਭਾਵੇਂ ਕਾਲ ਦੀ ਰਾਖ ਨੇ

ਸਭ ਤਾਰੇ ਢੱਕੇ,

ਵੇਲ ਅੰਗੂਰੀ ਨਦਰ ਦੀ 

ਸਿਰ ਝੂੰਮੇ ਪੀਰਾਂ।

ਮੈਨੂੰ ਲੰਮੇ ਸਮੇਂ ਵਿਚ

ਜਦ ਕੇਚ ਦਿਸਿਆ, 

ਮਹਿੰਦੀ ਰੰਗੇ ਖਾਬ ਨੇ

ਥਲ ਪਾਈਆਂ ਭੀੜਾਂ

📝 ਸੋਧ ਲਈ ਭੇਜੋ