ਮੈਂ ਵਾਂ ਇਕ ਫਿਰੰਤੂ ਬਾਲ, ਗੁਜ਼ਰ ਗਏ ਕਈ ਫਿਰਦੇ ਸਾਲ
ਗਲੀ ਗਲੀ ਵਿਚ ਹੌਕੇ ਭਰਨਾਂ, ਹਰ ਸਰਦਲ ਦੀਆਂ ਝਿੜਕਾਂ ਜਰਨਾਂ
ਘਰ ਘਰ 'ਚੋਂ ਮੈਂ ਮੰਗਦਾ ਟੁਕੜੇ, ਨਾ ਕੋਈ ਪੁੱਛੇ ਮੇਰੇ ਦੁੱਖੜੇ
ਤਾਹਨੇ ਦੇ ਦੇ ਛੇਕਣ ਮੈਨੂੰ, ਕਹਿਰ ਨਿਗਾਹੇ ਵੇਖਣ ਮੈਨੂੰ
ਨੰਗੇ ਪੈਰ ਬਿਆਈਆਂ ਫੱਟੀਆਂ, ਭਰਨਾਂ ਵਾਂ ਫ਼ਿਕਰਾਂ ਦੀਆਂ ਚੱਟੀਆਂ
ਸੜਕਾਂ ਮੈਨੂੰ ਲੋਰੀ ਦਿੱਤੀ,ਰੱਬ ਨੇ ਸੌਣ ਲਈ ਬੋਰੀ ਦਿੱਤੀ
ਅੱਧੀ ਥੱਲੇ ਅੱਧੀ ਉੱਤੇ, ਕੰਮ ਆਵੇ ਸਾਵਣ ਦੀ ਰੁੱਤੇ
ਪਾਟਾ ਝੱਗਾ ਲਮਕਣ ਲੀਰਾਂ, ਕਿਸੇ ਨਾ ਪੁੱਛਿਆ ਕਿਉਂ ਦਲਗੀਰ ਆਂ
ਹਰ ਕੋਈ ਮੈਨੂੰ ਮੰਗਤਾ ਆਖੇ, ਲਟਬੌਰਾ ਬੇ ਸੰਗਤਾ ਆਖੇ
ਕਈ ਆਖਣ ਕੋਈ ਜੰਮ ਕੇ ਸੁੱਟ ਗਈ, ਕਿੱਡਾ ਸੋਹਣਾ ਕਿਸਮਤ ਫੁੱਟ ਗਈ
ਕੋਈ ਨਾ ਬਾਪ ਤਸੱਲੀ ਦਿੰਦਾ, ਨਾ ਕੋਈ ਮੁੜਕੇ ਮੈਨੂੰ ਵੇਂਹਦਾ
ਨਾ ਕੋਈ ਵੀਰਨ ਆਖਣ ਵਾਲੀ, ਨਾ ਕੋਈ ਘਰ ਵਿਚ ਝਾਕਣ ਵਾਲੀ
ਰੁੱਖਾ ਸੁੱਖਾ ਖਾ ਲੈਨਾ ਵਾਂ, ਅੱਧੋ ਰਾਣਾ ਪਾ ਲੈਨਾ ਵਾਂ
ਰਾਤੀਂ ਫ਼ੁੱਟਪਾਥਾਂ ਤੇ ਸੌਨਾਂ, ਫ਼ਜਰੇ ਉੱਠ ਕੇ ਗਲੀਆਂ ਭੌਨਾਂ
ਈਦ ਦਾ ਦਿਨ ਵੀ ਮੰਗ ਕੇ ਕੱਟਨਾਂ, ਜੂਠੀ ਥਾਲੀ ਸੇਵੀਆਂ ਚੱਟਨਾਂ
ਪੁੱਤ ਤੋਂ ਜਦ ਕੋਈ ਖ਼ੈਰ ਪਵਾਵੇ, ਅਣਡਿੱਠੀ ਮਾਂ ਯਾਦ ਪਈ ਆਵੇ
ਪਰ ਮੈਨੂੰ ਕੋਈ ਨਾ ਅਪਣਾਵੇ, ਨਾ ਕੋਈ ਮਾਂ ਜੋ ਸਦਕੇ ਜਾਵੇ